ਬਠਿੰਡਾ ਦੇ ਬੀਕਾਨੇਰ ਕੌਮੀ ਮਾਰਗ ‘ਤੇ ਅਮਰਨਾਥ ਯਾਤਰਾ ਲਈ ਜਾ ਰਹੇ ਸ਼ਰਧਾਲੂਆਂ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 4 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 8 ਹੋਰ ਗੰਭੀਰ ਜ਼ਖ਼ਮੀ ਹੋਏ ਹਨ।
ਜਾਣਕਾਰੀ ਅਨੁਸਾਰ, ਰਾਜਸਥਾਨ ਤੋਂ ਅਮਰਨਾਥ ਯਾਤਰਾ ਲਈ ਜਾ ਰਹੇ ਸ਼ਰਧਾਲੂ ਇੱਕ ਟੈਂਪੂ ਟ੍ਰੈਵਲਰ ਵਿੱਚ ਸਵਾਰ ਸਨ। ਜੋਧਪੁਰ ਰੋਮਾਣਾ ਪਿੰਡ ਨੇੜੇ ਉਨ੍ਹਾਂ ਦੀ ਗੱਡੀ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਂਪੂ ਟ੍ਰੈਵਲਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਕਈ ਯਾਤਰੀ ਅੰਦਰ ਫਸ ਗਏ।
ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਅਤੇ ਸਥਾਨਕ ਲੋਕ ਮੌਕੇ ‘ਤੇ ਪਹੁੰਚੇ। ਬਚਾਅ ਕਾਰਵਾਈ ਕਰਕੇ ਜ਼ਖ਼ਮੀਆਂ ਨੂੰ ਪਹਿਲਾਂ ਬਠਿੰਡਾ ਸਿਵਲ ਹਸਪਤਾਲ ਅਤੇ ਗੰਭੀਰ ਜ਼ਖ਼ਮੀਆਂ ਨੂੰ ਏਮਜ਼ ਬਠਿੰਡਾ ਭੇਜਿਆ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।