ਖਬਰਿਸਤਾਨ ਨੈੱਟਵਰਕ- ਅੰਮ੍ਰਿਤਸਰ ਵਿਚ ਇਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਦਿਨ-ਦਿਹਾੜੇ ਬਾਈਕ ਸਵਾਰ ਹਮਲਾਵਰ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਗਏ। ਵਾਰਦਾਤ ਹਲਕਾ ਮਜੀਠਾ ਦੇ ਪਿੰਡ ਚੰਨਣਕੇ ਥਾਣਾ ਮਹਿਤਾ ਨੇੜੇ ਦੀ ਹੈ। ਇਸ ਵਾਰਦਾਤ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਤਿੰਨ ਹਮਲਾਵਰ ਮੋਟਰਸਾਈਕਲ ਉਤੇ ਆਏ ਤੇ ਇੱਕ ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਾਲਾਂਕਿ ਨੌਜਵਾਨ, ਜੋ ਬਾਈਕ ਉਤੇ ਸਵਾਰ ਸੀ, ਨੇ ਭੱਜਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਡਿੱਗ ਗਿਆ। ਇਸ ਦੌਰਾਨ ਹਮਲਾਵਾਰ ਮੌਕੇ 'ਤੇ ਫਰਾਰ ਹੋ ਗਏ। ਮ੍ਰਿਤਕ ਨੌਜਵਾਨ ਦਾ ਨਾਂ ਜੁਗਰਾਜ ਸਿੰਘ ਸੀ।
ਗੈਂਗਸਟਰ ਜਗਰੂਪ ਰੂਪਾ ਦਾ ਭਰਾ ਸੀ ਜੁਗਰਾਜ
ਇਸ ਕਤਲ ਕਾਂਡ ਵਿਚ ਅਪਡੇਟ ਆਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜੁਗਰਾਜ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਈ ਹੈ। ਦੱਸਿਆ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਸ਼ੂਟਰ ਜਗਰੂਪ ਰੂਪਾ ਦਾ ਭਰਾ ਸੀ ਜੁਗਰਾਜ ਸਿੰਘ। ਗੈਂਗਸਟਰ ਡੋਨੀ ਬੱਲ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਿਖਿਆ ਹੈ ਕਿ ਗੋਰਾ ਬਰੀਆਰ ਦੇ ਕਤਲ ਵਿੱਚ ਜੁਗਰਾਜ ਨੇ ਰੇਕੀ ਕੀਤੀ ਸੀ। ਦੱਸ ਦੇਈਏ ਕਿ ਮੂਸੇਵਾਲਾ ਕਤਲ ਮਾਮਲੇ ਵਿੱਚ ਸ਼ੂਟਰ ਜਗਰੂਪ ਰੂਪਾ ਦਾ 2022 ਵਿਚ ਐਨਕਾਊਂਟਰ ਹੋ ਗਿਆ ਸੀ। ਸੋਸ਼ਲ ਮੀਡੀਆ ਉਤੇ ਵਾਇਰਲ ਪੋਸਟ ਦੀ ਖਬਰਿਸਤਾਨ ਪੁਸ਼ਟੀ ਨਹੀਂ ਕਰਦਾ।