ਰਾਜਸਥਾਨ ਦੇ ਝੁੰਝੁਨੂ ਤੋਂ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਝੁੰਝਨੂ ਦੇ ਸ਼ਮਸ਼ਾਨਘਾਟ 'ਚ ਚਿਤਾ 'ਤੇ ਪਿਆ ਇਕ ਵਿਅਕਤੀ ਅਚਾਨਕ ਜ਼ਿੰਦਾ ਹੋ ਗਿਆ। ਉਸ ਨੂੰ ਜੈਪੁਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ 12 ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਡੀਸੀ ਨੇ ਜ਼ਿੰਦਾ ਨੌਜਵਾਨ ਨੂੰ ਮ੍ਰਿਤਕ ਐਲਾਨਣ ਵਾਲੇ 3 ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ।
2 ਘੰਟਿਆਂ ਲਈ ਡੀਪ ਫ੍ਰੀਜ਼ਰ ਵਿੱਚ ਰੱਖਿਆ
ਦਰਅਸਲ, ਵੀਰਵਾਰ ਨੂੰ ਝੁੰਝੁਨੂ ਦੇ ਭਗਵਾਨ ਦਾਸ ਖੇਤਾਨ (ਬੀਡੀਕੇ) ਸਰਕਾਰੀ ਹਸਪਤਾਲ ਵਿੱਚ ਇੱਕ ਬੋਲੇ ਅਤੇ ਗੁੰਗੇ ਨੌਜਵਾਨ ਨੂੰ ਇਲਾਜ ਲਈ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਕੁਝ ਸਮੇਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਪੋਸਟਮਾਰਟਮ ਰਿਪੋਰਟ ਵੀ ਤਿਆਰ ਕਰ ਲਈ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਲਾਸ਼ ਨੂੰ 2 ਘੰਟੇ ਤੱਕ ਮੁਰਦਾ ਘਰ ਦੇ ਡੀਪ ਫਰੀਜ਼ਰ 'ਚ ਰੱਖਿਆ।
ਅੰਤਿਮ ਸੰਸਕਾਰ ਦੌਰਾਨ ਸਰੀਰ ਵਿਚ ਹੋਈ ਹਰਕਤ
ਇਸ ਤੋਂ ਬਾਅਦ ਉਸ ਦੇ ਦੋਸਤ ਸ਼ਾਮ ਨੂੰ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਲਾਸ਼ ਨੂੰ ਆਪਣੇ ਨਾਲ ਲੈ ਗਏ। ਸ਼ਾਮ ਨੂੰ ਜਦੋਂ ਸ਼ਮਸ਼ਾਨਘਾਟ 'ਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਸਰੀਰ 'ਚ ਹਰਕਤ ਦੇਖਣ ਨੂੰ ਮਿਲੀ। ਜਿਸ ਤੋਂ ਬਾਅਦ ਉਸ ਨੂੰ ਬੀਡੀਕੇ ਹਸਪਤਾਲ ਲਿਜਾਇਆ ਗਿਆ। ਫਿਰ ਉਥੋਂ ਉਸ ਨੂੰ ਜੈਪੁਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ 12 ਘੰਟਿਆਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਲਾਪਰਵਾਹੀ ਵਰਤਣ ਵਾਲੇ ਤਿੰਨੋਂ ਡਾਕਟਰ ਮੁਅੱਤਲ
ਇਹ ਮਾਮਲਾ ਸਾਹਮਣੇ ਆਉਂਦੇ ਹੀ ਝੁੰਝੁਨੂ ਜ਼ਿਲ੍ਹੇ ਦੇ ਡੀਸੀ ਰਾਮ ਅਵਤਾਰ ਮੀਨਾ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨੋਂ ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ। ਡਾ: ਯੋਗੇਸ਼ ਜਾਖੜ, ਡਾ: ਨਵਨੀਤ ਮੀਲ ਅਤੇ ਪੀਐਮਓ ਡਾ: ਸੰਦੀਪ ਪਾਚਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।