ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ਸੜਕ ਰਸਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ ਹੋਇਆ। ਇਮੀਗ੍ਰੇਸ਼ਨ ਅਤੇ ਕਸਟਮ ਦੀ ਕਾਗਜ਼ੀ ਕਾਰਵਾਈ ਤੋਂ ਬਾਅਦ ਜਥਾ ਜੈਕਾਰਿਆਂ ਨਾਲ ਪਾਕਿਸਤਾਨ ’ਚ ਦਾਖ਼ਲ ਹੋਇਆ। ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਕਰ ਰਹੇ ਹਨ। ਜਥਾ ਸ਼ੇਰ-ਏ-ਪੰਜਾਬ ਦੇ ਬਰਸੀ ਸਮਾਗਮਾਂ ਵਿਚ ਸ਼ਿਰਕਤ ਕਰਨ ਤੋਂ ਇਲਾਵਾ ਪਾਕਿਸਤਾਨ ਸਥਿਤ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਬਾਅਦ 30 ਜੂਨ ਨੂੰ ਦੇਸ਼ ਪਰਤੇਗਾ।
ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵਧੀਆ ਇੰਤਜ਼ਾਮ ਕੀਤਾ ਗਿਆ ਹੈ। ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਸੰਗਤਾਂ ਦੇ ਮਨਾਂ ਵਿੱਚ ਕਾਫੀ ਉਤਸ਼ਾਹ ਹੈ।
ਇਸ ਤੋਂ ਪਹਿਲਾਂ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਮੈਂਬਰਾਂ ਨੂੰ ਪੁਰਾਤਨ ਰਵਾਇਤ ਅਨੁਸਾਰ ਸ਼੍ਰੋਮਣੀ ਕਮੇਟੀ ਦਫਤਰ ਤੋਂ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਅਤੇ ਸਿਹਰੇ ਭੇਂਟ ਕਰਕੇ ਰਵਾਨਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਬੱਸਾਂ ਰਾਹੀਂ ਅਟਾਰੀ ਸਰਹਦ ਭੇਜਿਆ ਗਿਆ, ਜਿਥੋਂ ਸ਼ਰਧਾਲੂ ਅਟਾਰੀ ਵਾਘਾ ਸਰਹਦ ਦੇ ਸੜਕੀ ਰਸਤੇ ਪਕਿਸਤਾਨ ਲਈ ਰਵਾਨਾ ਹੋਣਗੇ। ਇਸ ਮੌਕੇ ਜੱਥੇ ਨਾਲ ਜਾ ਰਹੇ ਸ਼ਰਧਾਲੂਆ ਦੇ ਚਿਹਰੇ 'ਤੇ ਖ਼ੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ।
317 ਲੋਕਾਂ ਨੂੰ ਪ੍ਰਾਪਤ ਹੋਏ ਵੀਜ਼ੇ
ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਬਰਸੀ ਦੇ ਮੌਕੇ ਪਾਕਿਸਤਾਨ ਜਾਣ ਲਈ 340 ਲੋਕਾਂ ਨੇ ਅਪਲਾਈ ਕੀਤਾ ਸੀ ,ਜਿਹਦੇ ਵਿੱਚੋਂ 317 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਜਥੇ ਦੀ ਅਗਵਾਈ ਅੰਤ੍ਰਿੰਗ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਨੂੰ ਸੌਂਪੀ ਗਈ ਹੈ, ਜਦਕਿ ਉਨ੍ਹਾਂ ਨਾਲ ਜਥੇ ਦੇ ਡਿਪਟੀ ਲੀਡਰ ਵਜੋਂ ਗੁਰਮੀਤ ਸਿੰਘ ਬੂਹ ਅਤੇ ਬੀਬੀ ਹਰਜਿੰਦਰ ਕੌਰ ਰਵਾਨਾ ਹੋਏ। ਉਨ੍ਹਾਂ ਨੇ ਆਖਿਆ ਕਿ ਪਾਕਿਸਤਾਨ ’ਚ ਰਹਿ ਗਏ ਸਿੱਖ ਕੌਮ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਦੀ ਹਰ ਤਾਂਘ ਰੱਖਦਾ ਹੈ।