ਆਮ ਆਦਮੀ ਪਾਰਟੀ (ਆਪ) ਨੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੂੰ ਪੰਜਾਬ ਤੋਂ ਰਾਜ ਸਭਾ ਸੀਟ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। 'ਆਪ' ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਨੇ ਇਸ ਸਬੰਧ ਵਿੱਚ ਇੱਕ ਅਧਿਕਾਰਤ ਪੱਤਰ ਜਾਰੀ ਕੀਤਾ ਹੈ।
ਲਗਭਗ ₹5,000 ਕਰੋੜ ਦਾ ਸਾਲਾਨਾ ਟਰਨਓਵਰ
ਉਨ੍ਹਾਂ ਨੂੰ ਪੰਜਾਬ ਦੇ ਸਭ ਤੋਂ ਅਮੀਰ ਉਦਯੋਗਪਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਕੰਪਨੀ ਦਾ ਸਾਲਾਨਾ ਟਰਨਓਵਰ ਲਗਭਗ ₹5,000 ਕਰੋੜ ਹੈ। ਗੁਪਤਾ ਦੀ ਰਾਜ ਸਭਾ ਨਾਮਜ਼ਦਗੀ ਬਾਰੇ ਕਿਆਸਅਰਾਈਆਂ ਸ਼ਨੀਵਾਰ ਨੂੰ ਸ਼ੁਰੂ ਹੋ ਗਈਆਂ ਸਨ। ਉਨ੍ਹਾਂ ਨੇ ਹਾਲ ਹੀ ਵਿੱਚ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਅਤੇ ਕਾਲੀ ਮਾਤਾ ਮੰਦਰ, ਪਟਿਆਲਾ ਦੀ ਸਲਾਹਕਾਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਜੋਂ ਅਸਤੀਫਾ ਦੇ ਦਿੱਤਾ ਸੀ, ਜਿਸਨੂੰ 'ਆਪ' ਸਰਕਾਰ ਨੇ ਸਵੀਕਾਰ ਕਰ ਲਿਆ।
ਇਹ ਸੀਟ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ। ਸ਼ੁਰੂ ਵਿੱਚ ਇਸ ਸੀਟ ਤੋਂ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਨੂੰ ਰਾਜ ਸਭਾ ਭੇਜਣ ਦੀਆਂ ਗੱਲਾਂ ਚੱਲ ਰਹੀਆਂ ਸਨ, ਪਰ ਪੰਜਾਬੀ ਵੋਟਰਾਂ ਦੀ ਬਾਹਰੀ ਉਮੀਦਵਾਰ ਨਾਲ ਨਾਰਾਜ਼ਗੀ ਤੋਂ ਡਰਦੇ ਹੋਏ, ਪਾਰਟੀ ਨੇ ਆਪਣਾ ਮਨ ਬਦਲ ਲਿਆ ਅਤੇ ਸਥਾਨਕ ਉਦਯੋਗਪਤੀ ਰਾਜਿੰਦਰ ਗੁਪਤਾ ਨੂੰ ਨਾਮਜ਼ਦ ਕਰ ਦਿੱਤਾ।