ਚੰਡੀਗੜ੍ਹ ਦੇ ਏਲਾਂਟੇ ਮਾਲ ਵਿੱਚ ਇੱਕ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਕ ਖੰਭੇ ਤੋਂ ਇੱਕ ਟਾਈਲ ਡਿੱਗ ਗਈ, ਜਿਸ ਨਾਲ ਮਸ਼ਹੂਰ ਬਾਲ ਅਦਾਕਾਰਾ ਮਾਈਸ਼ਾ ਦੀਕਸ਼ਿਤ ਅਤੇ ਉਸ ਦੀ ਮਾਸੀ ਸੁਰਭੀ ਨੂੰ ਸੱਟ ਲੱਗ ਗਈ, ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ। ਇਸ ਤੋਂ ਬਾਅਦ ਦੋਵਾਂ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਮਾਈਸ਼ਾ ਆਪਣਾ ਜਨਮ ਦਿਨ ਮਨਾਉਣ ਪਹੁੰਚੀ ਸੀ
ਮਾਈਸ਼ਾ ਦੇ ਪਿਤਾ ਨੇ ਘਟਨਾ ਬਾਰੇ ਦੱਸਿਆ ਕਿ ਮੇਰੀ ਬੇਟੀ ਦਾ ਜਨਮ ਦਿਨ ਸੀ ਅਤੇ ਅਸੀਂ ਸੈਲੀਬ੍ਰੇਟ ਕਰਨ ਲਈ ਮਾਲ 'ਚ ਆਏ ਸੀ ਪਰ ਸਾਨੂੰ ਨਹੀਂ ਪਤਾ ਸੀ ਕਿ ਅਜਿਹਾ ਹਾਦਸਾ ਵਾਪਰ ਜਾਵੇਗਾ। ਇਸ ਵੱਡੇ ਮਾਲ ਵਿੱਚ ਬਹੁਤ ਲਾਪਰਵਾਹੀ ਹੋਈ ਹੈ। ਜੇਕਰ ਮੇਰੀ ਧੀ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀ?
ਪਰਿਵਾਰ ਵਾਲਿਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਬੇਟੀ ਬਹੁਤ ਰੁੱਝੀ ਹੋਈ ਹੈ। ਉਹ ਕਈ ਟੀ ਵੀ ਸੀਰੀਅਲਜ਼, ਇਸ਼ਤਿਹਾਰੀ ਫ਼ਿਲਮਾਂ ਵਿੱਚ ਕੰਮ ਕਰ ਰਹੀ ਹੈ। ਉਸ ਨੇ ਦੱਸਿਆ ਕਿ ਲੜਕੀ ਨੇ 1 ਅਕਤੂਬਰ ਤੋਂ ਇੱਕ ਨਵੇਂ ਪ੍ਰੋਜੈਕਟ ਲਈ ਸ਼ੂਟ ਕਰਨਾ ਸੀ। ਪਰ ਹੁਣ ਕੁਝ ਸਮਾਂ ਲੱਗੇਗਾ। ਲੜਕੀ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੈ।
ਬਾਲ ਕਲਾਕਾਰ ਮਾਈਸ਼ਾ ਦੀਕਸ਼ਿਤ
ਮਾਈਸ਼ਾ ਬਾਲ ਕਲਾਕਾਰ ਹੈ। ਉਸ ਨੇ ਕਈ ਸੀਰੀਅਲ ਟੀਵੀ ਪ੍ਰੋਗਰਾਮਾਂ ਵਿੱਚ ਕੰਮ ਕੀਤਾ ਹੈ। ਜਿਵੇਂ ਜਨ ਜਨਨੀ ਮਾਂ ਵੈਸ਼ਨੋ ਦੇਵੀ-ਕਹਾਨੀ ਮਾਤਾਰਾਨੀ ਕੀ, ਸਤਿਆਮੇਵ ਜਯਤੇ (2018), ਸਿਲਸਿਲਾ ਬਦਲਤੇ ਰਿਸ਼ਤਿਆਂ ਦਾ।
ਇਸ ਤੋਂ ਪਹਿਲਾਂ ਵੀ ਏਲਾਂਟੇ ਮਾਲ ਵਿਚ ਵਾਪਰ ਚੁੱਕੈ ਹਾਦਸਾ
ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਏਲਾਂਟੇ ਮਾਲ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ। ਦਰਅਸਲ, ਇੱਥੇ ਇੱਕ 11 ਸਾਲ ਦੇ ਲੜਕੇ ਦੀ ਟੁਆਏ ਟਰੇਨ ਤੋਂ ਡਿੱਗਣ ਨਾਲ ਮੌਤ ਹੋ ਗਈ ਸੀ। ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਬੱਚੇ ਨੂੰ ਜੀਐਮਸੀਐਚ-32 ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬੱਚੇ ਦੀ ਪਛਾਣ ਸ਼ਾਹਬਾਜ਼ (11) ਵਾਸੀ ਨਵਾਂਸ਼ਹਿਰ ਵਜੋਂ ਹੋਈ ਸੀ।