ਦਿੱਲੀ ਦੇ ਸਾਬਕਾ CM ਅਰਵਿੰਦ ਕੇਜਰੀਵਾਲ ਨੇ ਆਪਣੀ ਰਿਹਾਇਸ਼ ਬਦਲ ਲਈ ਹੈ। ਹੁਣ ਉਹ ਫਿਰੋਜ਼ਸ਼ਾਹ ਰੋਡ 'ਤੇ ਸਥਿਤ ਬੰਗਲਾ ਨੰਬਰ 5 'ਚ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ 'ਤੇ ਪਰਿਵਾਰ ਸਮੇਤ ਰਹਿਣਗੇ। ਉਹ ਆਪਣੇ ਪੂਰੇ ਪਰਿਵਾਰ ਸਮੇਤ ਸ਼ਿਫਟ ਹੋ ਚੁੱਕੇ ਹਨ।
ਸਾਂਸਦ ਅਸ਼ੋਕ ਮਿੱਤਲ ਨੇ ਦਿੱਤਾ ਸੀ ਆਫਰ
ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੀ ਹੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਨੇ ਉਨ੍ਹਾਂ ਦੀ ਰਿਹਾਇਸ਼ ਦੀ ਪੇਸ਼ਕਸ਼ ਕੀਤੀ ਸੀ। ਫਿਰੋਜ਼ਸ਼ਾਹ ਰੋਡ 'ਤੇ ਸਥਿਤ ਬੰਗਲਾ ਨੰਬਰ 5 ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ਹੈ। ਹੁਣ ਅਰਵਿੰਦ ਕੇਜਰੀਵਾਲ ਇੱਥੇ ਮਹਿਮਾਨ ਵਜੋਂ ਰਹਿਣਗੇ।
ਅਸ਼ੋਕ ਮਿੱਤਲ ਨੇ ਆਪਣੀ ਪਤਨੀ ਨਾਲ ਕੀਤਾ ਸਵਾਗਤ
ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਨਵੇਂ ਘਰ 'ਚ ਸ਼ਿਫਟ ਹੋ ਗਏ ਹਨ। ਇਸ ਦੌਰਾਨ ਸੰਸਦ ਮੈਂਬਰ ਅਸ਼ੋਕ ਮਿੱਤਲ ਅਤੇ ਉਨ੍ਹਾਂ ਦੀ ਪਤਨੀ ਨੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਦੋ ਦਿਨ ਪਹਿਲਾਂ ਅਸ਼ੋਕ ਮਿੱਤਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਖੁਸ਼ ਹਨ ਕਿ ਕੇਜਰੀਵਾਲ ਨੇ ਉਨ੍ਹਾਂ ਦੇ ਘਰ ਨੂੰ ਚੁਣਿਆ ਹੈ।
ਕੇਜਰੀਵਾਲ ਨੇ 17 ਸਤੰਬਰ ਨੂੰ ਦਿੱਤਾ ਸੀ ਅਸਤੀਫਾ
17 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੀ ਸਰਕਾਰੀ ਰਿਹਾਇਸ਼ ਅਤੇ ਸਾਰੀਆਂ ਸਹੂਲਤਾਂ ਛੱਡਣ ਦਾ ਐਲਾਨ ਕੀਤਾ ਸੀ। ਕੇਜਰੀਵਾਲ ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਦੀ ਕੁਰਸੀ 'ਤੇ ਉਦੋਂ ਤੱਕ ਨਹੀਂ ਬੈਠਣਗੇ ਜਦੋਂ ਤੱਕ ਦਿੱਲੀ ਦੇ ਲੋਕ ਉਨ੍ਹਾਂ ਨੂੰ ਦੁਬਾਰਾ ਚੁਣ ਕੇ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦੇ ਦਿੰਦੇ।