ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ 'ਤੇ ਨਵਾਂ ਅਪਡੇਟ ਆਇਆ ਹੈ। 4 ਜਨਵਰੀ ਦੀ ਸਵੇਰ ਨੂੰ ਅਫਵਾਹ ਫੈਲੀ ਸੀ ਕਿ ਕੇਜਰੀਵਾਲ ਦੀ ਰਿਹਾਇਸ਼ 'ਤੇ ਛਾਪਾ ਮਾਰਿਆ ਗਿਆ ਹੈ। ਕਿਹਾ ਜਾ ਰਿਹਾ ਸੀ ਕਿ ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਜਿਹੀਆਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਕੇਜਰੀਵਾਲ ਦੀ ਰਿਹਾਇਸ਼ 'ਤੇ ਛਾਪੇਮਾਰੀ ਦੀਆਂ ਖਬਰਾਂ ਅਫਵਾਹਾਂ ਤੋਂ ਇਲਾਵਾ ਕੁਝ ਨਹੀਂ ਹਨ। ਈਡੀ ਨੇ ਕਿਹਾ ਹੈ ਕਿ 'ਅੱਜ ਲਈ ਅਜਿਹੀ ਕੋਈ ਯੋਜਨਾ ਨਹੀਂ ਹੈ।
ਚੌਥਾ ਸੰਮਨ ਜਾਂਚ ਤੋਂ ਬਾਅਦ ਜਾਰੀ ਕੀਤਾ ਜਾਵੇਗਾ
ਈਡੀ ਦੇ ਚੋਟੀ ਦੇ ਸੂਤਰਾਂ ਨੇ ਇੰਡੀਆ ਟੂਡੇ ਗਰੁੱਪ ਨੂੰ ਕੇਜਰੀਵਾਲ ਦੇ ਖਿਲਾਫ ਅਗਲੀ ਕਾਰਵਾਈ ਦੀ ਜਾਣਕਾਰੀ ਦਿੱਤੀ ਹੈ। ਈਡੀ ਕੇਜਰੀਵਾਲ ਦੇ ਜਵਾਬ ਦੀ ਜਾਂਚ ਕਰ ਰਹੀ ਹੈ। ਇਸ ਤੋਂ ਬਾਅਦ ਕੇਜਰੀਵਾਲ ਨੂੰ ਚੌਥਾ ਸੰਮਨ ਜਾਰੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਈਡੀ ਨੇ ਕੇਜਰੀਵਾਲ ਨੂੰ ਤੀਜਾ ਸੰਮਨ ਜਾਰੀ ਕੀਤਾ ਸੀ। ਕੇਜਰੀਵਾਲ ਦੀ ਸੰਭਾਵਿਤ ਗ੍ਰਿਫਤਾਰੀ ਦੀਆਂ ਅਫਵਾਹਾਂ ਤੋਂ ਬਾਅਦ 'ਆਪ' ਦੇ ਕਈ ਨੇਤਾ ਰਾਊਜ਼ ਐਵੇਨਿਊ ਦਫਤਰ ਨੇੜੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ।
ਈ ਡੀ ਨੇ ਤਿੰਨ ਵਾਰ ਭੇਜੇ ਸੰਮਨ
ਦਿੱਲੀ ਸ਼ਰਾਬ ਘੁਟਾਲੇ ਦੇ ਕਥਿਤ ਮਾਮਲੇ ਵਿੱਚ ਈ ਡੀ ਕੇਜਰੀਵਾਲ ਨੂੰ ਤਿੰਨ ਸੰਮਨ ਭੇਜ ਚੁੱਕੀ ਹੈ। ਪਹਿਲੇ ਸੰਮਨ 'ਚ ਉਸ ਨੂੰ ਪਿਛਲੇ ਸਾਲ 2 ਨਵੰਬਰ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਗਿਆ ਸੀ। ਦੂਜੀ ਵਾਰ 21 ਦਸੰਬਰ ਅਤੇ ਫਿਰ 3 ਜਨਵਰੀ ਨੂੰ ਬੁਲਾਇਆ ਗਿਆ। ਇਸ ਮਾਮਲੇ ਵਿੱਚ ਹੁਣ ਤੱਕ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ, ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਸੰਚਾਰ ਇੰਚਾਰਜ ਵਿਜੇ ਨਾਇਰ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਸ ਤੋਂ ਪਹਿਲਾਂ ਕੇਜਰੀਵਾਲ ਨੇ ਆਪਣੀ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਅਤੇ 12ਵੀਂ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ 'ਚ ਕਿਹਾ ਸੀ ਕਿ ਜਨਤਾ ਦੇ ਭਲੇ ਲਈ ਉਨ੍ਹਾਂ ਨੂੰ ਜੇਲ੍ਹ ਜਾਣਾ ਹੀ ਪਵੇਗਾ। ਜੇਕਰ ਤੁਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਅਤੇ ਗਰੀਬਾਂ ਦਾ ਮੁਫਤ ਇਲਾਜ ਕਰਨ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਜੇਲ੍ਹ ਜਾਣਾ ਪਵੇਗਾ ਅਤੇ ਸਾਨੂੰ ਇਸ ਲਈ ਤਿਆਰ ਰਹਿਣਾ ਪਵੇਗਾ। ਕੇਜਰੀਵਾਲ ਨੇ ਅੱਗੇ ਕਿਹਾ ਕਿ ਜੇਲ 'ਚ ਬੰਦ 'ਆਪ' ਆਗੂ ਹੀਰੋ ਹਨ।
ਕੇਜਰੀਵਾਲ ਨੇ ਲਾਈਵ ਹੋ ਕੇ ਕੇਂਦਰ 'ਤੇ ਦੋਸ਼ ਲਾਏ
ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਹੈ। ਕੇਜਰੀਵਾਲ ਨੂੰ ਅੱਜ ਈਡੀ ਨੇ ਪੁੱਛਗਿੱਛ ਲਈ ਬੁਲਾਇਆ ਸੀ ਪਰ ਉਹ ਅੱਜ ਵੀ ਨਹੀਂ ਗਏ। ਇਸ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਈਡੀ ਦੇ ਸਾਰੇ ਸੰਮਨ ਗੈਰ-ਕਾਨੂੰਨੀ ਹਨ। ਇਹ ਕੇਂਦਰ ਸਰਕਾਰ ਦੀ ਸ਼ਰੇਆਮ ਗੁੰਡਾਗਰਦੀ ਹੈ।
ਗ੍ਰਿਫਤਾਰ ਕਰ ਕੇ ਚੋਣ ਪ੍ਰਚਾਰ ਕਰਨਾ ਚਾਹੁੰਦੇ ਹਨ ਬੰਦ
ਕੇਜਰੀਵਾਲ ਨੇ ਕਿਹਾ ਕਿ ਜੇਕਰ ਅਸੀਂ ਭ੍ਰਿਸ਼ਟਾਚਾਰ ਕੀਤਾ ਹੁੰਦਾ ਤਾਂ ਅਸੀਂ ਹੋਰ ਨੇਤਾਵਾਂ ਵਾਂਗ ਭਾਜਪਾ 'ਚ ਸ਼ਾਮਲ ਹੁੰਦੇ। ਲੋਕ ਸਭਾ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਇਹ ਲੋਕ ਮੈਨੂੰ ਬੁਲਾ ਰਹੇ ਹਨ। ਭਾਜਪਾ ਦਾ ਮਕਸਦ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਕੇ ਚੋਣ ਪ੍ਰਚਾਰ ਬੰਦ ਕਰਨਾ ਹੈ।
ਅਜੇ ਤੱਕ ਇੱਕ ਵੀ ਪੈਸੇ ਦਾ ਹੇਰ-ਫੇਰ ਨਹੀਂ ਮਿਲਿਆ। ਜੇਕਰ ਭ੍ਰਿਸ਼ਟਾਚਾਰ ਹੈ ਤਾਂ ਇਹ ਸਾਰਾ ਪੈਸਾ ਕਿੱਥੇ ਗਿਆ? ਕੀ ਸਾਰਾ ਪੈਸਾ ਹਵਾ ਵਿਚ ਉਡ ਗਿਆ? ਕਈ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਜੇਲ੍ਹ ਵਿੱਚ ਡੱਕਿਆ ਗਿਆ ਹੈ। ਗੁੰਡਾਗਰਦੀ ਸ਼ਰੇਆਮ ਚੱਲ ਰਹੀ ਹੈ। ਭਾਜਪਾ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ, ਮੇਰੀ ਸਭ ਤੋਂ ਵੱਡੀ ਤਾਕਤ ਇਮਾਨਦਾਰੀ ਹੈ। ਮੇਰੀ ਇਮਾਨਦਾਰੀ 'ਤੇ ਹਮਲਾ ਕਰਨਾ ਚਾਹੁੰਦੇ ਹਨ। ਮੇਰੇ ਵਕੀਲਾਂ ਨੇ ਕਿਹਾ ਹੈ ਕਿ ਸੰਮਨ ਗੈਰ-ਕਾਨੂੰਨੀ ਹਨ। ਮੈਂ ਉਨ੍ਹਾਂ ਨੂੰ ਲਿਖਿਆ ਹੈ ਕਿ ਇਹ ਕਿਵੇਂ ਗੈਰ-ਕਾਨੂੰਨੀ ਹੈ। ਉਨ੍ਹਾਂ ਕੋਲ ਮੇਰੇ ਸਵਾਲ ਦਾ ਕੋਈ ਜਵਾਬ ਨਹੀਂ ਹੈ।