ਦਿੱਲੀ 'ਚ ਭੁੱਖ ਹੜਤਾਲ 'ਤੇ ਬੈਠੇ ਮੰਤਰੀ ਆਤਿਸ਼ੀ ਦੀ ਦੇਰ ਰਾਤ ਤਬੀਅਤ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ LNJP ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਜਲ ਸੰਕਟ ਨੂੰ ਲੈ ਕੇ ਆਤਿਸ਼ੀ 21 ਜੂਨ ਤੋਂ ਜੰਗਪੁਰਾ ਦੇ ਭੋਗਲ 'ਚ ਭੁੱਖ ਹੜਤਾਲ 'ਤੇ ਬੈਠੀ ਸੀ । ਇਸ ਸਮੇਂ ਦੇਸ਼ ਦੀ ਰਾਜਧਾਨੀ ਦਿੱਲੀ ਪਾਣੀ ਦੇ ਗੰਭੀਰ ਸੰਕਟ ਨਾਲ ਲੜ ਰਹੀ ਹੈ। ਲੋਕਾਂ ਨੂੰ ਇੱਕ ਬੂੰਦ ਪਾਣੀ ਦੇ ਲਈ ਵੀ ਮੋਹਤਜ ਹੋਣ ਪੈ ਰਿਹਾ ਹੈ |
ਹਰਿਆਣਾ ਤੋਂ 100 ਐਮਜੀਡੀ ਹੋਰ ਪਾਣੀ ਭੇਜੇ ਜਾਣ ਦੀ ਮੰਗ
ਉਨ੍ਹਾਂ ਦੀ ਮੰਗ ਹੈ ਕਿ ਹਰਿਆਣਾ ਤੋਂ 100 ਐਮਜੀਡੀ ਪਾਣੀ ਭੇਜਿਆ ਜਾਵੇ। ਸੰਧੀ ਤਹਿਤ ਹਰਿਆਣਾ ਤੋਂ 613 ਐਮਜੀਡੀ ਪਾਣੀ ਭੇਜਿਆ ਜਾਣਾ ਹੈ। ਪਰ ਆਤਿਸ਼ੀ ਦਾ ਦਾਅਵਾ ਹੈ ਕਿ ਹਰਿਆਣਾ ਸਰਕਾਰ ਸਿਰਫ਼ 513 ਐਮਜੀਡੀ ਪਾਣੀ ਹੀ ਭੇਜ ਰਹੀ ਹੈ। ਜਿਸ ਕਾਰਨ ਦਿੱਲੀ ਦੇ 28 ਲੱਖ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਹੈ।
ਬਲੱਡ ਸ਼ੂਗਰ ਲੈਵਲ ਵੀ ਘਟਿਆ
'ਆਪ' ਨੇਤਾ ਸੌਰਭ ਭਾਰਦਵਾਜ ਨੇ ਆਤਿਸ਼ੀ ਦੀ ਹਾਲਤ ਬਾਰੇ ਹੋਰ ਜਾਣਕਾਰੀ ਦਿੱਤੀ। ਭਾਰਦਵਾਜ ਨੇ ਐਕਸ 'ਤੇ ਪੋਸਟ ਕੀਤਾ ਹੈ ਕਿ ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ 36 ਤੱਕ ਪਹੁੰਚ ਗਿਆ ਹੈ। ਉਸ ਦੀ ਸਿਹਤ ਵਿਗੜ ਗਈ ਹੈ। ਡਾਕਟਰਾਂ ਨੇ ਕਿਹਾ ਕਿ ਜੇਕਰ ਉਸ ਨੂੰ ਹਸਪਤਾਲ 'ਚ ਦਾਖਲ ਨਾ ਕਰਵਾਇਆ ਗਿਆ ਤਾਂ ਉਸ ਦੀ ਹਾਲਤ ਹੋਰ ਵਿਗੜ ਸਕਦੀ ਹੈ। ਆਤਿਸ਼ੀ ਨੇ ਪਿਛਲੇ ਪੰਜ ਦਿਨਾਂ ਤੋਂ ਕੁਝ ਨਹੀਂ ਖਾਧਾ ਹੈ।
ਸੰਜੇ ਸਿੰਘ ਨੇ ਕਿਹਾ- ਦਿੱਲੀ ਦੇ ਲੋਕਾਂ ਲਈ ਲੜ ਰਹੀ ਹੈ ਆਤਿਸ਼ੀ
'ਆਪ' ਨੇਤਾ ਸੰਜੇ ਸਿੰਘ ਨੇ ਕਿਹਾ ਕਿ ਆਤਿਸ਼ੀ ਨੇ ਪਿਛਲੇ 5 ਦਿਨਾਂ ਤੋਂ ਕੁਝ ਨਹੀਂ ਖਾਧਾ ਹੈ। ਉਸਦਾ ਸ਼ੂਗਰ ਪੱਧਰ ਘਟ ਗਿਆ ਹੈ, ਕੀਟੋਨਸ ਵਧ ਰਹੇ ਹਨ ਅਤੇ ਬਲੱਡ ਪ੍ਰੈਸ਼ਰ ਘੱਟ ਰਿਹਾ ਹੈ। ਉਹ ਆਪਣੇ ਲਈ ਨਹੀਂ ਲੜ ਰਹੀ, ਉਹ ਦਿੱਲੀ ਦੇ ਲੋਕਾਂ ਲਈ, ਪਾਣੀ ਲਈ ਲੜ ਰਹੀ ਹੈ।
ਆਤਿਸ਼ੀ ਨੇ ਐਡਮਿਟ ਹੋਣ ਤੋਂ ਕੀਤਾ ਇਨਕਾਰ
ਸੋਮਵਾਰ ਨੂੰ ਦਿਨ ਦੇ ਦੌਰਾਨ, ਐਲਐਨਜੇਪੀ ਦੇ ਡਾਕਟਰਾਂ ਦੀ ਟੀਮ ਨੇ ਦੱਸਿਆ ਸੀ ਕਿ ਆਤਿਸ਼ੀ ਦਾ ਭਾਰ 5 ਦਿਨਾਂ ਵਿੱਚ 2 ਕਿਲੋਗ੍ਰਾਮ ਤੋਂ ਵੀ ਜਿਆਦਾ ਘੱਟ ਗਿਆ ਹੈ। ਉਸ ਦਾ ਕੀਟੋਨ ਪੱਧਰ ਵੀ ਵਧ ਗਿਆ ਹੈ। ਡਾਕਟਰਾਂ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਤਿਸ਼ੀ ਨੂੰ ਹਸਪਤਾਲ ਵਿਚ ਦਾਖਲ ਹੋਣ ਅਤੇ ਖਾਣਾ ਖਾਣ ਲਈ ਕਿਹਾ ਗਿਆ ਸੀ, ਪਰ ਉਸਨੇ ਇਨਕਾਰ ਕਰ ਦਿੱਤਾ।
5 ਦਿਨਾਂ 'ਚ 2.2 ਕਿਲੋ ਭਾਰ ਘਟਿਆ
ਦੱਸ ਦੇਈਏ ਕਿ 21 ਜੂਨ ਨੂੰ ਭੁੱਖ ਹੜਤਾਲ 'ਤੇ ਜਾਣ ਤੋਂ ਪਹਿਲਾਂ ਉਨ੍ਹਾਂ ਦਾ ਭਾਰ 65.8 ਕਿਲੋਗ੍ਰਾਮ ਸੀ, ਜੋ ਭੁੱਖ ਹੜਤਾਲ ਦੇ ਚੌਥੇ ਦਿਨ ਘੱਟ ਕੇ 63.6 ਕਿਲੋਗ੍ਰਾਮ 'ਤੇ ਆ ਗਿਆ। ਮਤਲਬ ਸਿਰਫ 5 ਦਿਨਾਂ 'ਚ ਉਸ ਦਾ ਭਾਰ 2.2 ਕਿਲੋ ਘਟ ਹੋ ਗਿਆ ਹੈ।