ਕੇਂਦਰ ਨੇ ਸਾਬਕਾ ਆਈਐਫਐਸ ਅਧਿਕਾਰੀ ਅਤੇ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਹੈ। ਇਸ ਦੇ ਨਾਲ ਹੀ ਜਦੋਂ ਉਹ ਆਪਣੀ ਚੋਣ ਮੁਹਿੰਮ ਲਈ ਰਵਾਨਾ ਹੋ ਰਹੇ ਹਨ ਤਾਂ ਕਿਸਾਨ ਵਰਗ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਅਤੇ ਸੁਰੱਖਿਆ ਏਜੰਸੀਆਂ ਤੋਂ ਇਨਪੁਟ ਮਿਲਣ ਤੋਂ ਬਾਅਦ ਇਸ ਇਹ ਫੈਸਲਾ ਲਿਆ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ। ਉਨ੍ਹਾਂ ਨੂੰ Y ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ।
ਕੁਝ ਦਿਨ ਪਹਿਲਾਂ ਤਰਨਜੀਤ ਸਿੰਘ ਸੰਧੂ ਚੋਣ ਪ੍ਰਚਾਰ ਲਈ ਅਜਨਾਲਾ ਗਏ ਸਨ। ਸਾਬਕਾ ਅਕਾਲੀ ਆਗੂ ਤੇ ਭਾਜਪਾ ਦੇ ਸਾਬਕਾ ਆਗੂ ਬੋਨੀ ਅਜਨਾਲਾ ਵੀ ਉਨ੍ਹਾਂ ਦੇ ਨਾਲ ਸਨ। ਤਰਨਜੀਤ ਸਿੰਘ ਸੰਧੂ ਦਾ ਕਾਫਲਾ ਜਦੋਂ ਅਜਨਾਲਾ ਦੇ ਕਸਬਾ ਥੋਬਾ ਪਹੁੰਚਿਆ ਤਾਂ ਉਥੇ ਕਿਸਾਨ ਪਹਿਲਾਂ ਹੀ ਝੰਡੇ ਲੈ ਕੇ ਖੜ੍ਹੇ ਸਨ। ਕਿਸਾਨ ਗੱਡੀਆਂ ਦੇ ਬਿਲਕੁਲ ਨੇੜੇ ਪਹੁੰਚ ਗਏ।
ਇਸ ਤੋਂ ਬਾਅਦ ਤਰਨਜੀਤ ਸੰਧੂ ਦਾ ਪੁਲਸ ਅਤੇ ਸੁਰੱਖਿਆ ਕਰਮਚਾਰੀਆਂ ਨੇ ਸੁਰੱਖਿਅਤ ਰਸਤਾ ਬਣਾ ਕੇ ਉਨ੍ਹਾਂ ਨੂੰ ਜਾਣ ਦਾ ਰਸਤਾ ਦਿੱਤਾ। ਇਹ ਇਕੱਲੇ ਭਾਜਪਾ ਉਮੀਦਵਾਰ ਨਹੀਂ, ਜਿਨ੍ਹਾਂ ਨੂੰ ਝੰਡੇ ਦਿਖਾਏ ਗਏ ਹਨ। ਇਸ ਤੋਂ ਪਹਿਲਾਂ ਵੀ ਭਾਜਪਾ ਦੇ ਕਈ ਨੇਤਾਵਾਂ ਦਾ ਵਿਰੋਧ ਹੋ ਚੁੱਕਾ ਹੈ। ਇਨ੍ਹਾਂ ਵਿੱਚ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਅਤੇ ਗਾਇਕ ਹੰਸਰਾਜ ਹੰਸ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਸ਼ਾਮਲ ਹਨ।