ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸਾਬਕਾ ਅਕਾਲੀ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਵੀ ਅੱਜ ਆਪਣਾ ਸਪੱਸ਼ਟੀਕਰਨ ਦੇਣ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ।
16 ਦਿਨਾਂ ਲਈ ਹੀ ਕੈਬਨਿਟ ਮੰਤਰੀ ਰਹੇ ਸਨ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਉਨ੍ਹਾਂ ਆਪਣਾ ਲਿਖਤੀ ਸਪੱਸ਼ਟੀਕਰਨ ਪੱਤਰ ਸੌਂਪਿਆ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਿਰਫ 16 ਦਿਨਾਂ ਲਈ ਹੀ ਕੈਬਨਿਟ ਮੰਤਰੀ ਰਹੇ ਸਨ ਅਤੇ ਉਨ੍ਹਾਂ ਆਪਣਾ ਸਪੱਸ਼ਟੀਕਰਨ ਅੱਜ ਜਥੇਦਾਰ ਸਾਹਿਬ ਦੇ ਨਾਂ ਸੌਂਪ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ 2012 ਤੋਂ 2017 ਦੀ ਸਰਕਾਰ ਵਿੱਚ ਮੈਂ 14 ਮਾਰਚ 2012 ਨੂੰ ਬਤੌਰ ਕੈਬਨਟ ਮੰਤਰੀ ਦੀ ਸੋਹ ਚੁੱਕੀ ਸੀ ਅਤੇ 30 ਮਾਰਚ 2012 ਨੂੰ ਕੈਬਨਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹਨਾਂ ਕਿਹਾ ਕਿ ਮੈਂ ਕੇਵਲ 16 ਦਿਨ ਹੀ ਸਰਕਾਰ ਵਿੱਚ ਕੈਬਨਟ ਮੰਤਰੀ ਰਹੀ ਇਸ ਦੌਰਾਨ ਚਲਤ ਕੇਸਾਂ ਵਿੱਚ ਦਰਜ ਗੁਨਾਹਾਂ ਬਾਬਤ ਕੋਈ ਵੀ ਕਾਰਵਾਈ ਜਾਂ ਫੈਸਲਾ ਪੰਜਾਬ ਸਰਕਾਰ ਵੱਲੋਂ ਕੈਬਨਟ ਦੇ ਵਿੱਚ ਨਹੀਂ ਲਿਆ ਗਿਆ। ਜਿਸ ਵਿੱਚ ਕਿਸੇ ਵੀ ਕਿਸਮ ਦੀ ਮੇਰੀ ਸ਼ਮੂਲੀਅਤ ਹੋਵੇ।
ਇਹ ਸਾਬਕਾ ਮੰਤਰੀ ਵੀ ਸੌਂਪ ਚੁੱਕੇ ਸਪੱਸ਼ਟੀਕਰਨ
ਉਨ੍ਹਾਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹਨ ਅਤੇ ਜੋ ਵੀ ਅਕਾਲ ਤਖ਼ਤ ਸਾਹਿਬ ਵਲੋਂ ਆਦੇਸ਼ ਹੋਵੇਗਾ, ਉਹ ਖਿੜੇ ਮੱਥੇ ਪ੍ਰਵਾਨ ਕਰਨਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਤੋਂ ਸਾਬਕਾ ਅਕਾਲੀ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਸੋਹਣ ਸਿੰਘ ਠੰਡਲ ਵੀ ਆਪਣੇ ਸਪੱਸ਼ਟੀਕਰਨ ਸੌਂਪਣ ਲਈ ਪੁੱਜੇ ਸਨ।
ਦੱਸ ਦੇਈਏ ਕਿ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ 17 ਸਾਬਕਾ ਅਕਾਲੀ ਮੰਤਰੀਆਂ ਤੋਂ 15 ਦਿਨ ਦੇ ਅੰਦਰ ਅੰਦਰ ਸਪੱਸ਼ਟੀਕਰਨ ਮੰਗਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਸਮੇਤ ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਮਨਪ੍ਰੀਤ ਬਾਦਲ, ਸੁੱਚਾ ਸਿੰਘ ਲੰਗਾਹ ਅਤੇ ਬਿਕਰਮਜੀਤ ਸਿੰਘ ਮਜੀਠੀਆ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਆਪਣਾ ਸਪੱਸ਼ਟੀਕਰਨ ਸੌਂਪ ਚੁੱਕੇ ਹਨ।