ਖ਼ਬਰਿਸਤਾਨ ਨੈੱਟਵਰਕ: ਪੰਜਾਬ 'ਚ ਜਲੰਧਰ, ਹੁਸ਼ਿਆਰਪੁਰ ਸਮੇਤ ਕਈ ਜ਼ਿਲ੍ਹਿਆਂ 'ਚ ਸਵੇਰ ਤੋਂ ਮੀਂਹ ਪੈ ਰਿਹਾ ਹੈ। ਜਿਸ ਕਾਰਨ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ। ਮੀਂਹ ਕਾਰਨ ਤਾਪਮਾਨ 'ਚ ਗਿਰਾਵਟ ਆਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੀ ਕਈ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਬੀਤੀ ਰਾਤ ਵੀ ਸੂਬੇ ਦੇ ਕਈ ਹਿੱਸਿਆਂ 'ਚ ਮੀਂਹ ਪਿਆ ਹੈ।
ਅਗਲੇ ਤਿੰਨ ਦਿਨਾਂ ਲਈ ਚੇਤਾਵਨੀ ਜਾਰੀ
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਤਿੰਨ ਦਿਨਾਂ 'ਚ ਸੂਬੇ 'ਚ ਭਾਰੀ ਮੀਂਹ ਦੀ ਚੇਤਾਵਨੀ ਹੈ। ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ। ਸੂਬੇ 'ਚ 13 ਤੋਂ 15 ਅਗਸਤ ਤੱਕ ਮੌਸਮ ਨੂੰ ਲੈ ਕੇ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ 'ਚ ਅੱਜ ਜਿਆਦਾਤਰ ਜ਼ਿਲ੍ਹਿਆਂ 'ਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਰ ਸੂਬੇ ਦੇ ਕੁਝ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਜਦ ਕਿ ਕੁਝ ਇਲਾਕਿਆਂ 'ਚ ਹਲਕੇ ਬੱਦਲ ਛਾਏ ਰਹਿਣਗੇ।
ਤਾਪਮਾਨ 'ਚ ਗਿਰਾਵਟ
ਸੂਬੇ 'ਚ ਤਾਪਮਾਨ ਲਗਭਗ ਆਮ ਹੈ। ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਤਾਪਮਾਨ 36.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 2.2 ਡਿਗਰੀ ਸੈਲਸੀਅਸ ਵੱਧ ਸੀ, ਪਰ ਸਵੇਰ ਦੀ ਬਾਰਿਸ਼ ਨੇ ਰਾਹਤ ਦਿੱਤੀ। ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 32.9 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 31.5 ਡਿਗਰੀ ਸੈਲਸੀਅਸ ਅਤੇ ਬਠਿੰਡਾ ਵਿੱਚ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੱਸ ਦੇਈਏ ਕਿ 6 ਵਜੇ ਤੱਕ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ 'ਤੇ ਬਣੇ ਵੱਡੇ ਡੈਮਾਂ ਵਿੱਚ ਪਾਣੀ ਦਾ ਪੱਧਰ ਆਪਣੀ ਕੁੱਲ ਸਮਰੱਥਾ ਦੇ 75 ਪ੍ਰਤੀਸ਼ਤ ਤੋਂ ਵੱਧ ਤੱਕ ਪਹੁੰਚ ਗਿਆ ਹੈ।