ਬਿੱਗ ਬੌਸ 17 ਦੇ ਜੇਤੂ ਮੁਨੱਵਰ ਫਾਰੂਕੀ ਨੂੰ ਮੁੰਬਈ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਮੰਗਲਵਾਰ ਰਾਤ ਨੂੰ ਮੁੰਬਈ ਪੁਲਿਸ ਦੀ ਐਸਐਸ ਸ਼ਾਖਾ ਨੇ ਫੋਰਟ ਇਲਾਕੇ ਵਿੱਚ ਇੱਕ ਹੁੱਕਾ ਪਾਰਲਰ ਵਿੱਚ ਛਾਪਾ ਮਾਰਿਆ। ਇਸ ਦੌਰਾਨ ਪੁਲਿਸ ਨੇ ਮੁਨੱਵਰ ਤੇ 13 ਹੋਰ ਲੋਕਾਂ ਨੂੰ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ। ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮੁਨੱਵਰ ਫਾਰੂਕੀ ਨੂੰ ਧਾਰਾ 41ਏ ਤਹਿਤ ਨੋਟਿਸ ਦੇ ਕੇ ਰਿਹਾਅ ਕਰ ਦਿੱਤਾ।
ਮੁੰਬਈ ਪੁਲਿਸ ਨੂੰ ਮਿਲੀ ਸੀ ਸੂਚਨਾ
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹੁੱਕਾ ਪਾਰਲਰ ਵਿੱਚ ਤੰਬਾਕੂ ਉਤਪਾਦਾਂ ਦੇ ਨਾਲ ਨਿਕੋਟੀਨ ਦਾ ਸੇਵਨ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਛਾਪਾ ਮਾਰਨ ਪਹੁੰਚੀ ਅਤੇ 13 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਇਨ੍ਹਾਂ ਲੋਕਾਂ ਵਿਚ ਮੁਨੱਵਰ ਫਾਰੂਕੀ ਵੀ ਸ਼ਾਮਲ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੇਕਰ ਤੰਬਾਕੂ ਉਤਪਾਦ ਪਾਏ ਜਾਂਦੇ ਹਨ ਤਾਂ ਪੁਲਿਸ ਵੱਲੋਂ ਸਿਗਰੇਟ ਅਤੇ ਤੰਬਾਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਹਾਲਾਂਕਿ ਮੁਨੱਵਰ ਫਾਰੂਕੀ ਨੂੰ ਨੋਟਿਸ ਦੇ ਕੇ ਰਾਤ ਨੂੰ ਹੀ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ।
ਮੁਨੱਵਰ 'ਤੇ ਲਗੀਆਂ ਇਹ ਧਾਰਾਵਾਂ
ਫਾਰੂਕੀ ਅਤੇ ਹੋਰਨਾਂ 'ਤੇ ਸਿਗਰੇਟ ਅਤੇ ਤੰਬਾਕੂ ਉਤਪਾਦ ਐਕਟ ਸਮੇਤ ਆਈਪੀਸੀ ਦੀ ਧਾਰਾ 283, ਧਾਰਾ 336 ਲਗਾਈ ਗਈ ਸੀ। ਇਸ ਦੇ ਨਾਲ ਹੀ ਪੁਲਿਸ ਨੇ ਇਸ ਨਜਾਇਜ਼ ਤੌਰ 'ਤੇ ਚੱਲ ਰਹੇ ਹੁੱਕਾ ਪਾਰਲਰ 'ਤੇ ਛਾਪਾ ਮਾਰ ਕੇ 4400 ਰੁਪਏ ਦੀ ਨਕਦੀ ਅਤੇ 13500 ਰੁਪਏ ਦੀ ਕੀਮਤ ਦੇ 9 ਹੁੱਕੇ ਦੇ ਪੋਟ ਬਰਾਮਦ ਕੀਤੇ ਹਨ।