ਅੱਜ ਪੂਰੇ ਸਿੱਖ ਜਗਤ ਵਿੱਚ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ।
CM ਮਾਨ ਨੇ ਟਵੀਟ ਕਰ ਦਿੱਤੀ ਵਧਾਈ
ਸੀ ਐੱਮ ਮਾਨ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਟਵੀਟ ਕਰਦੇ ਹੋਏ ਲਿਖਿਆ ਕਿ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਬਾਬਾ ਦੀਪ ਸਿੰਘ ਜੀ ਦਾ ਜੀਵਨ ਕੁੱਲ ਲੋਕਾਈ ਦੇ ਮਨਾਂ ਵਿੱਚ ਸੇਵਾ ਭਾਵਨਾ ਦੀ ਜੋਤ ਜਗਾਉਂਦਾ ਹੈ।
ਬਾਬਾ ਦੀਪ ਸਿੰਘ ਬਾਰੇ
ਇਤਿਹਾਸਕ ਸਰੋਤਾਂ ਅਨੁਸਾਰ ਮਹਾਨ ਸਿੱਖ ਯੋਧਾ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈਸਵੀ ਨੂੰ ਪਿੰਡ ਪਹੁਵਿੰਡ, ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮਾਤਾ ਜਿਊਣੀ ਜੀ ਤੇ ਭਾਈ ਭਗਤਾ ਜੀ ਦੇ ਘਰ ਹੋਇਆ। ਬਚਪਨ 'ਚ ਮਾਤਾ-ਪਿਤਾ ਉਨ੍ਹਾਂ ਨੂੰ ਪਿਆਰ ਨਾਲ 'ਦੀਪਾ' ਕਹਿ ਕੇ ਬੁਲਾਉਂਦੇ ਸਨ।
ਦੀਪੇ ਤੋਂ ਬਣੇ ਦੀਪ ਸਿੰਘ
ਜਦੋਂ 1699 ’ਚ ਦਸਮ ਪਿਤਾ ਨੇ ਆਨੰਦਪੁਰ ਸਾਹਿਬ ਵਿੱਚ ਸਾਰੀ ਸਿੱਖ ਸੰਗਤ ਨੂੰ ਹੁੰਮ-ਹੁੰਮਾ ਕੇ ਆਉਣ ਲਈ ਆਖਿਆ ਸੀ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਆਪਣੇ ਮਾਤਾ-ਪਿਤਾ ਨਾਲ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਆਏ। ਓਦੋਂ ਹੀ ਉਹ ਅੰਮ੍ਰਿਤ ਦੀ ਦਾਤ ਹਾਸਲ ਕਰ ਕੇ ‘ਦੀਪੇ’ ਤੋਂ ਦੀਪ ਸਿੰਘ ਬਣ ਗਏ। ਉਨ੍ਹਾਂ ਨਾਲ ‘ਬਾਬਾ’ ਸ਼ਬਦ ਬਹੁਤ ਬਾਅਦ ਵਿੱਚ ਜੁੜਿਆ। ਉਸ ਸਮੇਂ ‘ਬਾਬਾ’ ਨਹੀਂ ‘ਭਾਈ’ ਸ਼ਬਦ ਪ੍ਰਚੱਲਤ ਸੀ। ਕਾਫ਼ੀ ਸਮਾਂ ਉਹ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਹੀ ਰਹੇ। ਉਨ੍ਹਾਂ ਨੇ ਭਾਈ ਮਨੀ ਸਿੰਘ ਨਾਲ ਕਾਫੀ ਸਮਾਂ ਗੁਜ਼ਾਰਿਆ ਤੇ ਇਥੇ ਹੀ ਉਨ੍ਹਾਂ ਗੁਰਮੁਖੀ ਪੜ੍ਹਨੀ ਤੇ ਲਿਖਣੀ ਸਿੱਖੀ। ਇੱਥੇ ਹੀ ਉਨ੍ਹਾਂ ਸ਼ਸਤਰ ਵਿਦਿਆ ਵੀ ਹਾਸਲ ਕੀਤੀ। ਉਹ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਉਤਾਰਾ ਕਰ ਕੇ ਵੱਖ ਵੱਖ ਥਾਵਾਂ ’ਤੇ ਭੇਜਿਆ ਕਰਦੇ ਸਨ ਤਾਂ ਕਿ ਸੰਗਤ ਗੁਰਬਾਣੀ ਨੂੰ ਵੱਧ ਤੋਂ ਵੱਧ ਪੜ੍ਹ ਸਕੇ ਤੇ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰ ਸਕੇ।
ਬਾਬਾ ਦੀਪ ਸਿੰਘ ਨੇ ਆਪਣੇ ਨਾਲ ਗੁਰੂਆਂ ਦੀ ਬਾਣੀ ਤੇ ਸ਼ਬਦਾਂ ਦੀ ਵਿਸਥਾਰਪੂਰਵਕ ਵਿਆਖਿਆ ਕੀਤੀ। ਦੋ ਸਾਲ ਆਨੰਦਪੁਰ ਸਾਹਿਬ ਰਹਿ ਕੇ ਉਹ ਵਾਪਸ ਆਪਣੇ ਪਿੰਡ ਆ ਗਏ। ਇਧਰ ਆਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਤਾਂ ਗੁਰੂ ਜੀ ਨੇ ਕਿਲ੍ਹਾ ਖਾਲੀ ਕਰ ਦਿੱਤਾ। ਬਾਬਾ ਦੀਪ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਅਤੇ ਆਨੰਦਪੁਰ ਸਾਹਿਬ ਦੇ ਸਮੇਂ ਨਾਲ ਨਾ ਰਹਿਣ ਦੀ ਮੁਆਫ਼ੀ ਮੰਗੀ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਗਲ ਨਾਲ ਲਾ ਲਿਆ ਤੇ ਕਿਹਾ ਕਿ ਉਨ੍ਹਾਂ ਦੇ ਹਿੱਸੇ ਹਾਲੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਬਾਕੀ ਹਨ।
ਧੀਰਮੱਲੀਏ ਜਦੋਂ ਦਸਮੇਸ਼ ਪਿਤਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਦੇਣ ਤੋਂ ਮੁੱਕਰ ਗਏ ਤਾਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਨੂੰ ਸੇਵਾ ਸੌਂਪ ਕੇ ਬੀੜ ਤਿਆਰ ਕਰਵਾਈ ਅਤੇ ਇਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕੀਤੀ। ਬਾਬਾ ਜੀ ਨੇ ਉਸ ਬੀੜ ਦਾ ਪਾਠ ਸੰਗਤ ਨੂੰ ਅਰਥਾਂ ਸਮੇਤ ਪੜ੍ਹਾਇਆ। ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਤੋਂ ਦੱਖਣ ਨੂੰ ਜਾਣ ਲੱਗੇ ਤਾਂ ਉਨ੍ਹਾਂ ਨੇ ਭਾਈ ਮਨੀ ਸਿੰਘ ਨੂੰ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਲਈ ਅੰਮ੍ਰਿਤਸਰ ਭੇਜ ਦਿੱਤਾ ਅਤੇ ਬਾਬਾ ਦੀਪ ਸਿੰਘ ਤਲਵੰਡੀ ਸਾਬੋ ਰਹਿ ਕੇ ਗੁਰਬਾਣੀ ਲਿਖਵਾਉਣ ਅਤੇ ਪੜ੍ਹਾਉਣ ਦੀ ਸੇਵਾ ਕਰਨ ਲੱਗੇ।
ਸ਼ਹੀਦ ਮਿਸਲ ਦਾ ਮੁਖੀ ਥਾਪਿਆ ਗਿਆ
1748 ਈ. ਵਿੱਚ ਵਿਸਾਖੀ ਵਾਲੇ ਦਿਨ ਦਲ ਖਾਲਸਾ ਦੇ 65 ਜਥਿਆਂ ਨੂੰ 12 ਮਿਸਲਾਂ ’ਚ ਪੁਨਰਗਠਿਤ ਕੀਤਾ ਤੇ ਉਨ੍ਹਾਂ 12 ਮਿਸਲਾਂ ’ਚੋਂ ਬਾਬਾ ਦੀਪ ਸਿੰਘ ਨੂੰ ਸ਼ਹੀਦ ਮਿਸਲ ਦਾ ਮੁਖੀ ਥਾਪਿਆ ਗਿਆ। ਇਸ ਤੋਂ ਪਹਿਲਾਂ ਜਦੋਂ 1746 ਈ. ਵਿੱਚ ਯਾਹੀਆ ਖਾਨ ਨੇ ਦੀਵਾਨ ਲਖਪਤ ਰਾਏ ਦੀ ਅਗਵਾਈ ਹੇਠ ਸਿੱਖਾਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਉਹ ਆਪਣੀ ਫ਼ੌਜੀ ਟੁਕੜੀ ਲੈ ਕੇ ਤਲਵੰਡੀ ਸਾਬੋ ਅਤੇ ਕਾਨੂੰਵਾਨ ਦੇ ਜੰਗਲਾਂ ਵਿੱਚ ਲੜਨ ਲਈ ਪਹੁੰਚੇ। ਇਸ ਲੜਾਈ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ।
ਸੰਨ 1756 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ’ਤੇ ਚੌਥਾ ਹਮਲਾ ਕਰ ਕੇ ਕਈ ਸ਼ਹਿਰਾਂ ਨੂੰ ਲੁੱਟਿਆ। ਜਦੋਂ ਉਹ ਭਾਰਤੀ ਔਰਤਾਂ ਨੂੰ ਦਾਸੀਆਂ ਬਣਾ ਕੇ ਕਾਬਲ ਪਰਤ ਰਿਹਾ ਸੀ ਤਾਂ ਬਾਬਾ ਦੀਪ ਸਿੰਘ ਦੀ ‘ਸ਼ਹੀਦ ਮਿਸਲ’ ਨੇ ਕੁਰੂਕਸ਼ੇਤਰ ਦੇ ਕੋਲ ਪਿਪਲੀ ਅਤੇ ਮਾਰਕੰਡੇ ਦੇ ਦਰਿਆ ਤੋਂ ਲਗਪਗ ਤਿੰਨ ਸੌ ਔਰਤਾਂ ਦੇ ਨਾਲ ਨਾਲ ਬਹੁਤ ਸਾਰਾ ਕੀਮਤੀ ਸਾਮਾਨ ਵਾਪਸ ਹਾਸਲ ਕੀਤਾ। ਇਸ ਦਾ ਬਦਲਾ ਲੈਣ ਲਈ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕਰ ਕੇ ਸਿੱਖਾਂ ਨੂੰ ਖ਼ਤਮ ਕਰਨ ਅਤੇ ਗੁਰਦੁਆਰਿਆਂ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਬਾਰੇ ਬਾਬਾ ਦੀਪ ਸਿੰਘ ਨੇ ਤੈਮੂਰ ਸ਼ਾਹ ਨਾਲ ਦੋ ਹੱਥ ਕਰਨ ਦਾ ਫ਼ੈਸਲਾ ਕਰ ਲਿਆ।
ਗੁਰਦੁਆਰਾ ਲਕੀਰ ਸਾਹਿਬ
ਬਾਬਾ ਜੀ ਦਮਦਮਾ ਸਾਹਿਬ ਤੋਂ 500 ਸਿੰਘਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਸਾਹਿਬ ਵੱਲ ਤੁਰੇ। ਅੰਮ੍ਰਿਤਸਰ ਤਕ ਆਉਂਦਿਆ ਇਹ ਜਥਾ ਪੰਜ ਹਜ਼ਾਰ ਸਿੰਘਾਂ ਦਾ ਹੋ ਗਿਆ। ਤਰਨ ਤਾਰਨ ਤੋਂ ਥੋੜ੍ਹੀ ਦੂਰ ਆ ਕੇ ਉਨ੍ਹਾਂ ਆਪਣੀ ਤਲਵਾਰ ਨਾਲ ਜ਼ਮੀਨ ’ਤੇ ਲਕੀਰ ਖਿੱਚੀ ਤੇ ਕਿਹਾ, ‘‘ਜਿਹੜੇ ਸਿੰਘ ਕੁਰਬਾਨੀਆਂ ਲਈ ਤਿਆਰ ਹਨ ਉਹ ਇਸ ਲਕੀਰ ਨੂੰ ਪਾਰ ਕਰ ਕੇ ਮੇਰੇ ਵੱਲ ਆ ਜਾਣ ਅਤੇ ਜਿਨ੍ਹਾਂ ਨੇ ਘਰ ਜਾਣਾ ਹੈ, ਉਹ ਲਕੀਰ ਦੇ ਉਸ ਪਾਰ ਰਹਿਣ। (ਅੱਜ ਉਸ ਜਗ੍ਹਾ ’ਤੇ ਗੁਰਦੁਆਰਾ ਲਕੀਰ ਸਾਹਿਬ ਸਥਾਪਿਤ ਹੈ।)
18 ਸੇਰ ਦੇ ਖੰਡੇ ਨਾਲ ਦੁਸ਼ਮਣਾਂ ਨੂੰ ਪਾਈਆਂ ਭਾਜੜਾਂ
ਲਾਹੌਰ ਦਰਬਾਰ ਵਿੱਚ ਜਦੋਂ ਪਤਾ ਲੱਗਾ ਤਾਂ ਜਹਾਨ ਖਾਨ ਘਬਰਾ ਕੇ ਵੀਹ ਹਜ਼ਾਰ ਫੌਜ ਨਾਲ ਅੰਮ੍ਰਿਤਸਰ ਵੱਲ ਕੂਚ ਕਰ ਗਿਆ। ਬਾਬਾ ਦੀਪ ਸਿੰਘ ਅਤੇ ਬਾਕੀ ਸਿੰਘ ਅਜਿਹੀ ਬਹਾਦਰੀ ਨਾਲ ਜੰਗ ਦੇ ਮੈਦਾਨ ਵਿੱਚ ਨਿੱਤਰੇ ਕਿ ਜਹਾਨ ਖਾਨ ਦੀ ਫੌਜ ਵਿੱਚ ਭਾਜੜ ਮੱਚ ਗਈ। ਦੂਜੇ ਪਾਸੇ ਜਹਾਨ ਖਾਨ ਦਾ ਨਾਇਬ ਫੌਜੀ ਜਮਾਲ ਸ਼ਾਹ ਅੱਗੇ ਵਧਿਆ ਅਤੇ ਬਾਬਾ ਜੀ ਨੂੰ ਲਲਕਾਰਨ ਲਗਾ। ਦੋਹਾਂ ਵਿਚਾਲੇ ਘਮਸਾਣ ਲੜਾਈ ਹੋਈ। ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਉਮਰ 80 ਸਾਲ ਦੀ ਸੀ ਜਦੋਂ ਕਿ ਜਮਾਲ ਸ਼ਾਹ ਲਗਪਗ 40 ਸਾਲ ਦਾ ਸੀ। ਬਾਬਾ ਜੀ ਨੇ ਪੈਂਤਰਾ ਬਦਲ ਕੇ ਜਮਾਲ ਸ਼ਾਹ ਦੀ ਗਰਦਨ ’ਤੇ ਖੰਡੇ ਦਾ ਵਾਰ ਕੀਤਾ ਤਾਂ ਉਸੇ ਦੌਰਾਨ ਜਮਾਲ ਸ਼ਾਹ ਨੇ ਬਾਬਾ ਜੀ ’ਤੇ ਵੀ ਪੂਰੇ ਜੋਸ਼ ਨਾਲ ਤਲਵਾਰ ਦਾ ਵਾਰ ਕਰ ਦਿੱਤਾ। ਦੋਹਾਂ ਪੱਖਾਂ ਦੇ ਜਰਨੈਲਾਂ ਦੀਆਂ ਗਰਦਨਾਂ ਇੱਕ ਹੀ ਸਮੇਂ ਜ਼ਮੀਨ ’ਤੇ ਡਿੱਗ ਪਈਆਂ। ਉਦੋਂ ਕੋਲ ਖੜ੍ਹੇ ਬਾਬਾ ਦਿਆਲ ਸਿੰਘ ਨੇ ਬਾਬਾ ਜੀ ਨੂੰ ਉੱਚੀ ਆਵਾਜ਼ ਵਿੱਚ ਕਿਹਾ, ‘‘ਖਾਲਸਾ ਜੀ ਤੁਸੀਂ ਤਾਂ ਕਿਹਾ ਸੀ ਕਿ ਮੈਂ ਆਪਣਾ ਸਿਰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਭੇਟ ਕਰਾਂਗਾ। ਤੁਸੀ ਤਾਂ ਇੱਥੇ ਰਸਤੇ ਵਿੱਚ ਸਰੀਰ ਤਿਆਗ ਰਹੇ ਹੋ।’’ ਮਾਨਤਾ ਮੁਤਾਬਕ ਉਸੇ ਵੇਲੇ ਬਾਬਾ ਜੀ ਉੱਠ ਖੜ੍ਹੇ ਹੋਏ ਅਤੇ ਉਨ੍ਹਾਂ ਆਪਣਾ ਖੰਡਾ ਤੇ ਕੱਟਿਆ ਹੋਇਆ ਸਿਰ ਚੁੱਕ ਲਿਆ। ਦੁਸ਼ਮਣ ਦੀਆਂ ਫ਼ੌਜਾਂ ਨੇ ਜਦੋਂ ਬਾਬਾ ਜੀ ਨੂੰ ਸਿਰ ਹਥੇਲੀ ’ਤੇ ਲੈ ਕੇ ਰਣਭੂਮੀ ਵਿੱਚ ਜੂਝਦੇ ਵੇਖਿਆ ਤਾਂ ਉਹ ਭੱਜ ਗਏ। ਸੈਂਕੜੇ ਹੀ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਆਪਣੇ ਦੋਧਾਰੀ 18 ਸੇਰ ਦੇ ਖੰਡੇ ਨਾਲ ਦੁਸ਼ਮਣ ਫੌਜ ਨਾਲ ਲੜਦੇ ਹੋਏ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਪਹੁੰਚੇ ਅਤੇ ਗੁਰੂ ਸਾਹਿਬ ਦੇ ਚਰਨਾਂ ਵਿਚ ਆਪਣਾ ਸੀਸ ਭੇਟਾਂ ਕਰ ਦਿੱਤਾ ਤੇ ਸ਼ਹੀਦੀ ਪ੍ਰਾਪਤ ਕਰ ਗਏ।