ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਨਗਰ ਨਿਗਮ ਚੋਣਾਂ ਲਈ ਆਪ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੌਰਾਨ ਜਲੰਧਰ ਪੁੱਜੇ। ਇਸ ਦੌਰਾਨ ਵੱਡੇ ਕਾਫਲੇ ਵਿਚ ਸ਼ਹਿਰ ਵਿਚ ਰੋਡ ਸ਼ੋਅ ਕੱਢਿਆ ਗਿਆ।
ਨਗਰ ਨਿਗਮ ਚੋਣਾਂ ਨੂੰ ਲੈ ਕੇ ਜਲੰਧਰ 'ਚ ਪਹਿਲਾ ਰੋਡ ਸ਼ੋਅ
ਦੱਸ ਦੇਈਏ ਕਿ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਲੰਧਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਪਹਿਲਾ ਰੋਡ ਸ਼ੋਅ ਸੀ। ਜਲੰਧਰ ਤੋਂ ਪਹਿਲਾਂ ਸੀ ਐਮ ਮਾਨ ਨੇ ਅੰਮ੍ਰਿਤਸਰ 'ਚ ਰੋਡ ਸ਼ੋਅ ਕੀਤਾ। ਜਲੰਧਰ ਤੋਂ ਬਾਅਦ ਉਹ ਚੋਣ ਪ੍ਰਚਾਰ ਲਈ ਫਗਵਾੜਾ ਵੀ ਪਹੁੰਚੇ, ਜਿਥੇ ਉਨ੍ਹਾਂ ਆਪ ਉਮੀਦਵਾਰਾਂ ਲਈ ਪ੍ਰਚਾਰ ਕੀਤਾ।
ਸੀ ਐਮ ਮਾਨ ਦਾ ਇਹ ਰੋਡ ਸ਼ੋਅ ਸ਼੍ਰੀ ਰਾਮ ਚੌਂਕ ਤੋਂ ਭਗਵਾਨ ਸ਼੍ਰੀ ਵਾਲਮੀਕਿ ਚੌਂਕ (ਜਯੋਤੀ ਚੌਂਕ) ਤੱਕ ਕੱਢਿਆ ਗਿਆ। ਜਲੰਧਰ ਕਮਿਸ਼ਨਰੇਟ ਪੁਲਸ ਨੇ ਸੀ ਐਮ ਮਾਨ ਦੇ ਰੋਡ ਸ਼ੋਅ ਨੂੰ ਲੈ ਕੇ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਸੀ। ਪੁਲਸ ਨੇ ਹਰ ਮੋੜ 'ਤੇ ਜਵਾਨ ਤਾਇਨਾਤ ਕੀਤੇ ਹੋਏ ਸਨ। ਇਸ ਤੋਂ ਇਲਾਵਾ ਸੜਕਾਂ ਨੂੰ ਵੀ ਚਾਰੇ ਪਾਸਿਓਂ ਬੰਦ ਕਰ ਦਿੱਤਾ ਗਿਆ ਸੀ।
ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਕਰਾਂਗੇ ਪੂਰੀਆਂ : CM ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਆਪਣੀ ਪਾਰਟੀ ਵੱਲੋਂ ਜਲੰਧਰ ਤੋਂ ਚੋਣ ਲੜ ਰਹੇ ਸਾਰੇ ਕੌਂਸਲਰ ਉਮੀਦਵਾਰਾਂ ਨੂੰ ਵਧਾਈ ਦਿੰਦੇ ਹਾਂ। ਅਸੀਂ ਵਿਕਾਸ ਕਾਰਜਾਂ ਲਈ ਪੈਸੇ ਜਾਰੀ ਕਰਨ ਲਈ ਤਿਆਰ ਹੁੰਦੇ ਹਾਂ, ਪਰ ਜੇਕਰ ਨਗਰ ਨਿਗਮ ਵਿਚ ਕੋਈ ਹੋਰ ਪਾਰਟੀ ਹੈ ਤਾਂ ਉਹ ਕੰਮ ਨਹੀਂ ਕਰਦੀ। ਕਿਉਂਕਿ ਵਿਰੋਧੀ ਧਿਰ ਸੋਚਦੀ ਹੈ ਕਿ ਭਗਵੰਤ ਮਾਨ ਦਾ ਨਾਂ ਨਾ ਹੋ ਜਾਵੇ। ਇਸ ਲਈ ਐਮ.ਸੀ.ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਆਪਣੇ ਹੀ ਸ਼ਹਿਰ ਦੇ ਮਾਲਕ ਖੁਦ ਬਣੋ।
CM ਮਾਨ ਨੇ ਕਿਹਾ- ਸ਼ਹਿਰ ਦੇ ਲੋਕ ਜੋ ਵੀ ਕਹਿਣਗੇ ਅਸੀਂ ਉਹੀ ਕਰਾਂਗੇ। ਇਸ ਨਾਲ ਸਾਡਾ ਸ਼ਹਿਰ ਸੁੰਦਰ ਬਣ ਜਾਵੇਗਾ। ਸੀਐਮ ਮਾਨ ਨੇ ਕਿਹਾ ਕਿ ਪਹਿਲਾਂ ਸੀਐਮ ਗਲੀਆਂ ਵਿਚ ਨਹੀਂ ਜਾਂਦੇ ਸਨ, ਪਰ ਮੈਂ ਲੋਕਾਂ ਵਿਚ ਜਾਂਦਾ ਹਾਂ। ਜਲੰਧਰ ਪੱਧਰ 'ਤੇ ਦੋ ਗਾਰੰਟੀਆਂ ਦਿੱਤੀਆਂ ਗਈਆਂ ਹਨ, ਉਹ ਵੀ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ। ਮੈਨੂੰ ਬੱਸ ਲੋਕਾਂ ਦੇ ਸਾਥ ਦੀ ਲੋੜ ਹੈ। ਮੈਂ ਪਿਛਲੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਰਾਜਨੀਤੀ ਵਿੱਚ ਆਇਆ ਹਾਂ।
ਕੀ ਕਿਹਾ ਆਪ ਪ੍ਰਧਾਨ ਅਮਨ ਅਰੋੜਾ ਨੇ
ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਅੱਜ ਜਲੰਧਰ ਵਿੱਚ ਦੀਵਾਲੀ ਵਰਗਾ ਮਾਹੌਲ ਹੈ। ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਪੂਰੀ ਤਰ੍ਹਾਂ ਸਮਰਥਨ ਕਰ ਰਹੇ ਹਨ। ਇਸ ਤੋਂ ਪਹਿਲਾਂ ਅੰਮ੍ਰਿਤਸਰ 'ਚ ਵੀ ਲੋਕਾਂ ਨੇ ਕਾਫੀ ਪਿਆਰ ਦਿਖਾਇਆ ਅਤੇ ਜਲੰਧਰ 'ਚ ਵੀ ਅਜਿਹਾ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਪ੍ਰਧਾਨ ਅਰੋੜਾ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕ ਵਿੱਚ ਹਾਂ ਪਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਨਾਂ ਨਹੀਂ ਲੈ ਰਹੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਿਸਾਨਾਂ ਦੇ ਭਲੇ ਲਈ ਇੱਕ ਅਹਿਮ ਯੋਜਨਾ 'ਤੇ ਕੰਮ ਕਰ ਰਹੇ ਹਨ। ਕਿਸਾਨ ਮਾਮਲਿਆਂ ਬਾਰੇ ਮਾਹਿਰਾਂ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ।
ਅੰਮ੍ਰਿਤਸਰ 'ਚ ਵੀ ਕੱਢਿਆ ਰੋਡ ਸ਼ੋਅ
ਇਸ ਤੋਂ ਪਹਿਲਾਂ ਸੀ ਐਮ ਮਾਨ ਅੰਮ੍ਰਿਤਸਰ ਪੁੱਜੇ, ਜਿਥੇ ਉਨ੍ਹਾਂ ਨਗਰ ਨਿਗਮ ਚੋਣਾਂ ਲਈ 'ਆਪ' ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ। ਅੰਮ੍ਰਿਤਸਰ ਵਿੱਚ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ, ਜਿਸ ਦੌਰਾਨ ਲੋਕਾਂ ਵਲੋਂ ਭਰਵਾਂ ਸਮਰਥਨ ਦੇਖਣ ਨੂੰ ਮਿਲਿਆ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਜੱਲਿਆਂਵਾਲਾ ਬਾਗ ਅਤੇ ਵਾਹਗਾ ਬਾਰਡਰ ਵਰਗੇ ਇਤਿਹਾਸਕ ਸਥਾਨਾਂ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਹਰ ਸਾਲ ਲੱਖਾਂ ਲੋਕ ਆਉਂਦੇ ਹਨ। ਉਨ੍ਹਾਂ ਨੇ ਅੰਮ੍ਰਿਤਸਰ ਦੇ ਬੁਨਿਆਦੀ ਢਾਂਚੇ, ਆਰਥਿਕਤਾ ਅਤੇ ਸੈਰ ਸਪਾਟੇ ਦੀ ਸੰਭਾਵਨਾ ਨੂੰ ਵਧਾਉਣ ਲਈ 'ਆਪ' ਦੇ ਵਿਜ਼ਨ ਦੀ ਰੂਪ ਰੇਖਾ ਉਲੀਕੀ।
ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਬੱਸਾਂ, ਮਾਰਕੀਟ ਅਪਗਰੇਡ, ਭੂਮੀਗਤ ਕੇਬਲਿੰਗ, ਗੰਦੇ ਪਾਣੀ ਦੇ ਪ੍ਰਬੰਧਨ ਅਤੇ ਆਰਥਿਕ ਵਿਕਾਸ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਮਾਨ ਨੇ ਪ੍ਰਦੂਸ਼ਣ ਨੂੰ ਰੋਕਣ ਅਤੇ ਜਨਤਕ ਟਰਾਂਸਪੋਰਟ ਨੂੰ ਵਧਾਉਣ ਲਈ ਆਧੁਨਿਕ ਚਾਰਜਿੰਗ ਸਟੇਸ਼ਨਾਂ ਨਾਲ ਈਕੋ-ਫਰੈਂਡਲੀ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ 'ਤੇ ਵੀ ਜ਼ੋਰ ਦਿੱਤਾ।
ਮਾਨ ਨੇ ਸ਼ਹਿਰ ਵਾਸੀਆਂ ਨੂੰ ਨਗਰ ਨਿਗਮ ਚੋਣਾਂ 'ਚ 'ਆਪ' ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ 'ਆਪ' ਦੇ ਉਮੀਦਵਾਰ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਸਥਾਨਕ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ, “ਆਪ ਦੀ ਅਗਵਾਈ ਵਾਲੀ ਨਗਰ ਨਿਗਮ ਨਾਲ ਅਸੀਂ ਅੰਮ੍ਰਿਤਸਰ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਯਕੀਨੀ ਬਣਾ ਸਕਦੇ ਹਾਂ।”
ਦੱਸ ਦੇਈਏ ਕਿ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ 21 ਦਸੰਬਰ ਨੂੰ ਵੋਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਝਾੜੂ ਵੋਟਿੰਗ ਮਸ਼ੀਨ ਦਾ ਸਿਰਫ਼ ਇੱਕ ਬਟਨ ਨਹੀਂ ਹੈ, ਇਹ ਉਮੀਦ, ਬਦਲਾਅ ਅਤੇ ਤੁਹਾਡੇ ਬੱਚਿਆਂ ਦੇ ਬਿਹਤਰ ਭਵਿੱਖ ਦਾ ਪ੍ਰਤੀਕ ਹੈ।
ਰੋਡ ਸ਼ੋਅ ਦੌਰਾਨ ਇਹ ਆਗੂ ਵੀ ਰਹੇ ਮੌਜੂਦ
ਰੋਡ ਸ਼ੋਅ 'ਚ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ, ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਲਾਲ ਜੀਤ ਭੁੱਲਰ ਅਤੇ ਗੁਰਮੀਤ ਸਿੰਘ ਖੁੱਡੀਆਂ ਸਮੇਤ 'ਆਪ' ਵਿਧਾਇਕ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ। ਸੀ ਐਮ ਮਾਨ ਨੇ ਪਾਰਟੀ ਦੇ ਮਿਹਨਤੀ ਵਲੰਟੀਅਰਾਂ ਅਤੇ ਲੋਕਾਂ ਵੱਲੋਂ ਦਿੱਤੇ ਅਥਾਹ ਪਿਆਰ ਅਤੇ ਸਮਰਥਨ ਲਈ ਧੰਨਵਾਦ ਕੀਤਾ।