ਕੈਨੇਡਾ ਦੇ ਬਰੈਂਪਟਨ 'ਚ ਇਕ ਮੰਦਰ 'ਚ ਖਾਲਿਸਤਾਨੀ ਸਮਰਥਕਾਂ ਨੇ ਸ਼ਰਧਾਲੂਆਂ ਦੀ ਕੁੱਟ-ਮਾਰ ਕੀਤੀ ਸੀ। ਖਾਲਿਸਤਾਨੀ ਸਮਰਥਕਾਂ ਨੇ ਸ਼ਰਧਾਲੂਆਂ ਨੂੰ ਡੰਡਿਆਂ ਨਾਲ ਕੁੱਟਿਆ।ਇਸ ਮਾਮਲੇ ਵਿਚ ਪ੍ਰਦਰਸ਼ਨ 'ਚ ਹਿੱਸਾ ਲੈਣ ਵਾਲੇ ਪੁਲਸ ਅਧਿਕਾਰੀ ਹਰਿੰਦਰ ਸੋਹੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਰਿੰਦਰ ਸੋਹੀ ਪੀਲ ਰੀਜਨਲ ਪੁਲਸ ਵਿੱਚ ਅਧਿਕਾਰੀ ਦਾ ਅਹੁਦਾ ਸੰਭਾਲਦੇ ਹਨ।
ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ
ਜਿਸ ਤੋਂ ਬਾਅਦ ਵੱਡੀ ਗਿਣਤੀ 'ਚ ਹਿੰਦੂ ਭਾਈਚਾਰੇ ਦੇ ਲੋਕ ਬਰੈਂਪਟਨ 'ਚ ਹਿੰਦੂ ਸਭਾ ਮੰਦਰ ਦੇ ਬਾਹਰ ਇਕੱਠੇ ਹੋ ਕੇ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਹਨ। ਲੋਕ ਖਾਲਿਸਤਾਨ ਮੁਰਦਾਬਾਦ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੇ ਹਨ। ਇਸ ਦੌਰਾਨ ਉਨ੍ਹਾਂ ਕੈਨੇਡੀਅਨ ਸਾਰਜੈਂਟ ਵੱਲੋਂ ਖਾਲਿਸਤਾਨੀਆਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ’ਤੇ ਪੁਲਸ ਖ਼ਿਲਾਫ਼ ਗੁੱਸਾ ਵੀ ਜ਼ਾਹਰ ਕੀਤਾ ਅਤੇ ‘ਪੀਲ ਪੁਲੀਸ, ਸ਼ਰਮ ਕਰੋ’ ਵਰਗੇ ਨਾਅਰੇ ਲਾਏ।
ਵੱਡੀ ਗਿਣਤੀ 'ਚ ਪੁਲਸ ਤਾਇਨਾਤ
ਇਸ ਘਟਨਾ ਤੋਂ ਬਾਅਦ ਕਾਫੀ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਵੱਡੀ ਗਿਣਤੀ 'ਚ ਪੁਲਸ ਤਾਇਨਾਤ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੀਲ ਪੁਲਸ ਦੇ ਮੀਡੀਆ ਅਧਿਕਾਰੀ ਰਿਚਰਡ ਚਿਨ ਨੇ ਕਿਹਾ ਕਿ ਪੁਲਸ ਨੂੰ ਮੰਦਰ ਦੇ ਬਾਹਰ ਹਿੰਸਾ ਨਾਲ ਸਬੰਧਤ ਫੁਟੇਜ ਮਿਲੀ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ 'ਚ ਪੁਲਸ ਅਧਿਕਾਰੀ ਪ੍ਰਦਰਸ਼ਨ 'ਚ ਹਿੱਸਾ ਲੈਂਦੇ ਨਜ਼ਰ ਆ ਰਹੇ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂ ਮੰਦਰ ਦੇ ਬਾਹਰ ਭਾਰਤੀ ਕੌਂਸਲਰ ਅਧਿਕਾਰੀਆਂ 'ਤੇ ਹਮਲੇ ਦੇ ਦੋਸ਼ 'ਚ ਹੁਣ ਤੱਕ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੰਦਰ ਦੇ ਬਾਹਰ ਹਿੰਸਾ ਤੋਂ ਬਾਅਦ ਇਸ ਦੇ ਆਸ-ਪਾਸ ਹੋਰ ਥਾਵਾਂ 'ਤੇ ਪ੍ਰਦਰਸ਼ਨਾਂ ਦੇ ਮਾਮਲੇ ਸਾਹਮਣੇ ਆਏ ਹਨ।
ਹਿੰਸਾ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ
ਇਸੇ ਤਰ੍ਹਾਂ ਥਾਣਾ ਮੁਖੀ ਨਿਸ਼ਾਨ ਦੁਰੈੱਪਾ ਨੇ ਕਿਹਾ ਕਿ ਉਨ੍ਹਾਂ ਨੂੰ ਹਮਲੇ ਦੀ ਪਹਿਲਾਂ ਹੀ ਸੂਚਨਾ ਮਿਲ ਚੁੱਕੀ ਸੀ। ਹਰੇਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ, ਪਰ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਅਪਰਾਧ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਹਿੰਸਾ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਜਾਵੇਗੀ।
ਇਸ ਮਾਮਲੇ 'ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਕੈਨੇਡਾ 'ਚ ਮੰਦਰ 'ਤੇ ਹਮਲੇ ਦਾ ਮਾਮਲਾ ਚਿੰਤਾ ਦਾ ਵਿਸ਼ਾ ਹੈ। ਆਸਟ੍ਰੇਲੀਆ ਦੌਰੇ 'ਤੇ ਆਏ ਜੈਸ਼ੰਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮਾਮਲੇ 'ਚ ਚਿੰਤਾ ਪ੍ਰਗਟਾਈ ਹੈ। ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਦੀ ਜਾਸੂਸੀ ਨੂੰ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ। ਉਸ ਨੇ ਬਿਨਾਂ ਕਿਸੇ ਸਬੂਤ ਦੇ ਦੋਸ਼ ਲਾਉਣ ਦੀ ਆਦਤ ਪਾ ਲਈ ਹੈ।
ਪੀਐਮ ਮੋਦੀ ਨੇ ਨਿੰਦਾ ਕੀਤੀ ਸੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ 'ਚ ਹਿੰਦੂ ਮੰਦਰ 'ਤੇ ਹੋਏ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਕੈਨੇਡੀਅਨ ਸਰਕਾਰ ਤੋਂ ਕਾਰਵਾਈ ਦੀ ਉਮੀਦ ਕਰਦੇ ਹਾਂ। ਅਜਿਹੀਆਂ ਘਟਨਾਵਾਂ ਸਾਨੂੰ ਕਮਜ਼ੋਰ ਨਹੀਂ ਕਰ ਸਕਦੀਆਂ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਵੀ ਕੈਨੇਡੀਅਨ ਸਰਕਾਰ ਨੂੰ ਧਾਰਮਕ ਅਸਥਾਨਾਂ ਦੀ ਸੁਰੱਖਿਆ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ਵਿੱਚ ਹੋਈ ਹਿੰਸਾ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਹਰ ਕੈਨੇਡੀਅਨ ਨੂੰ ਆਪਣੇ ਧਰਮ ਨੂੰ ਆਜ਼ਾਦ ਅਤੇ ਸੁਰੱਖਿਅਤ ਢੰਗ ਨਾਲ ਪਾਲਣ ਕਰਨ ਦਾ ਅਧਿਕਾਰ ਹੈ।