ਮੋਹਾਲੀ ਦੇ ਏਅਰਪੋਰਟ ਰੋਡ 'ਤੇ ਦੇਰ ਰਾਤ ਇਕ ਤੇਜ਼ ਰਫਤਾਰ ਮਰਸਡੀਜ਼ ਕਾਰ ਨੇ ਇਕ ਦੁਕਾਨ ਨੂੰ ਟੱਕਰ ਮਾਰ ਦਿੱਤੀ। ਕਾਰ ਦੀ ਲਪੇਟ 'ਚ ਆਉਣ ਨਾਲ ਦੁਕਾਨ 'ਚ ਸੌਂ ਰਹੇ ਵਿਅਕਤੀ ਦੀ ਮੌਤ ਹੋ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਕਾਰ ਦੇ ਏਅਰ ਬੈਗ ਵੀ ਖੁੱਲ੍ਹ ਗਏ। ਜਦਕਿ ਵਿਅਕਤੀ ਦੀ ਮਦਦ ਕਰਨ ਦੀ ਬਜਾਏ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਪ੍ਰਕਾਸ਼ ਕੁਮਾਰ ਵਜੋਂ ਹੋਈ ਹੈ।
ਬੰਬ ਫਟਣ ਵਰਗੀ ਆਵਾਜ਼
ਲੋਕਾਂ ਮੁਤਾਬਕ ਇਹ ਹਾਦਸਾ ਸ਼ਨੀਵਾਰ ਰਾਤ ਕਰੀਬ 2 ਵਜੇ ਵਾਪਰਿਆ। ਅੱਗੇ ਉਨ੍ਹਾਂ ਦਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਕਿਤੇ ਬੰਬ ਫਟ ਗਿਆ ਹੋਵੇ। ਪ੍ਰਕਾਸ਼ ਆਪਣੀ ਦੁਕਾਨ 'ਤੇ ਸੌਂ ਰਿਹਾ ਸੀ ਅਤੇ ਕਾਰ ਉਸ ਦੇ ਉੱਪਰ ਚੜ੍ਹ ਗਈ। ਇਸ ਦੇ ਨਾਲ ਹੀ ਸਕੂਲ ਦੀ ਕੰਧ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ।
ਕਾਰ ਨੂੰ ਚੁੱਕਣ ਲਈ ਆਈ ਕਰੇਨ 'ਤੇ ਪਥਰਾਅ
ਸਵੇਰੇ ਜਦੋਂ ਪੁਲਿਸ ਕਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਕਾਰ ਨੂੰ ਚੁੱਕਣ ਲਈ ਪੁੱਜੀ ਤਾਂ ਲੋਕਾਂ ਨੇ ਹੰਗਾਮਾ ਕਰ ਦਿੱਤਾ। ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਪਹਿਲਾਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਇਸ ਮਾਮਲੇ ’ਤੇ ਬਣਦੀ ਕਾਰਵਾਈ ਨਹੀਂ ਕਰ ਰਹੀ। ਜਦੋਂ ਉਹ ਕਰੇਨ ਨਾਲ ਕਾਰ ਨੂੰ ਚੁੱਕਣ ਲੱਗੇ ਤਾਂ ਲੋਕਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ।
15 ਦਿਨ ਪਹਿਲਾਂ ਹੀ ਬਣਿਆ ਪਿਤਾ
ਮ੍ਰਿਤਕ ਦੇ ਸਾਲੇ ਮਨਜੀਤ ਨੇ ਦੱਸਿਆ ਕਿ ਪ੍ਰਕਾਸ਼ ਪਿਛਲੇ 18 ਸਾਲਾਂ ਤੋਂ ਮੁਹਾਲੀ ਵਿੱਚ ਦੁਕਾਨ ਚਲਾ ਰਿਹਾ ਸੀ। ਅਜੇ 15 ਦਿਨ ਪਹਿਲਾਂ ਹੀ ਪ੍ਰਕਾਸ਼ ਦੇ ਘਰ ਪੁੱਤਰ ਨੇ ਜਨਮ ਲਿਆ ਸੀ। ਉਸ ਨੇ ਆਪਣੇ ਪੁੱਤਰ ਦਾ ਚਿਹਰਾ ਵੀ ਨਹੀਂ ਦੇਖਿਆ ਸੀ। ਉਸ ਨੇ ਹੋਲੀ 'ਤੇ ਬਿਹਾਰ 'ਚ ਆਪਣੇ ਘਰ ਜਾਣਾ ਸੀ।