ਪੰਜਾਬ ਦੀਆਂ 4 ਸੀਟਾਂ ਉਤੇ ਜ਼ਿਮਨੀ ਚੋਣਾਂ ਸਵੇਰੇ ਸ਼ੁਰੂ ਹੋ ਗਈਆਂ ਹਨ, ਇਸੇ ਦੌਰਾਨ ਕਾਂਗਰਸ ਤੇ ਆਪ ਸਮਰਥਕਾਂ ਵਿਚਕਾਰ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਡੇਰਾ ਬਾਬਾ ਨਾਨਕ ਦੇ ਡੇਰਾ ਪਠਾਣਾਂ ਦੇ ਪੋਲਿੰਗ ਬੂਥ 'ਤੇ ਕਾਂਗਰਸ ਅਤੇ 'ਆਪ' ਸਮਰਥਕ ਉਸ ਵੇਲੇ ਭਿੜ ਗਏ, ਜਦੋਂ ਬੂਥ ਲਗਾਉਣ ਨੂੰ ਲੈ ਕੇ ਦੋਵੇਂ ਪਾਰਟੀਆਂ ਦੇ ਸਮਰਥਕ ਆਹਮੋ-ਸਾਹਮਣੇ ਹੋ ਗਏ। ਕਿਹਾ ਜਾ ਰਿਹਾ ਹੈ ਕਿ ਮੌਕੇ 'ਤੇ ਲਾਠੀਆਂ ਵੀ ਚਲਾਈਆਂ ਗਈਆਂ। ਪੁਲਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ।
ਸਵੇਰੇ 9 ਵਜੇ ਤੱਕ ਵੋਟਿੰਗ ਫੀਸਦੀ
ਡੇਰਾ ਬਾਬਾ ਨਾਨਕ ਵਿੱਚ ਸਵੇਰੇ 9 ਵਜੇ ਤੱਕ 9.7 ਫੀਸਦੀ ਵੋਟਿੰਗ ਹੋਈ
ਚੱਬੇਵਾਲ ਸੀਟ 'ਤੇ 4.15 ਫੀਸਦੀ ਵੋਟਿੰਗ ਹੋਈ
ਗਿੱਦੜਬਾਹਾ ਸੀਟ 'ਤੇ 15.11% ਵੋਟਿੰਗ ਹੋਈ
ਬਰਨਾਲਾ ਵਿੱਚ 6.9% ਵੋਟਿੰਗ ਹੋਈ
ਇਨ੍ਹਾਂ ਉਮੀਦਵਾਰਾਂ ਨੇ ਪਾਈ ਵੋਟ
ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਅਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੇ ਆਪਣੇ ਪਿੰਡ ਧਾਰੋਵਾਲੀ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਗਿੱਦੜਬਾਹਾ ਤੋਂ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਆਪਣੇ ਪਤੀ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਅਮਰਿੰਦਰ ਸਿੰਘ ਵੜਿੰਗ ਨਾਲ ਆਪਣੀ ਵੋਟ ਪਾਉਣ ਤੋਂ ਪਹਿਲਾਂ ਗੁਰੂ ਘਰ ਵਿਖੇ ਮੱਥਾ ਟੇਕਿਆ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮੀਤ ਹੇਅਰ ਆਪਣੀ ਪਤਨੀ ਨਾਲ ਵੋਟ ਪਾਉਣ ਪਹੁੰਚੇ। ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਵੀ ਪਰਿਵਾਰ ਸਮੇਤ ਵੋਟ ਪਾਈ।
ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਨੇ ਆਪਣੇ ਪਰਿਵਾਰ ਸਮੇਤ ਆਪਣੀ ਵੋਟ ਪਾਈ।
ਇਨ੍ਹਾਂ ਵਿੱਚੋਂ ਚੱਬੇਵਾਲ ਅਤੇ ਗਿੱਦੜਬਾਹਾ ਨੂੰ ਹੌਟ ਸੀਟ ਮੰਨਿਆ ਜਾਂਦਾ ਹੈ। ਗਿੱਦੜਬਾਹਾ ਵਿੱਚ ਕਾਂਗਰਸ ਵੱਲੋਂ ਅੰਮ੍ਰਿਤਾ ਵੜਿੰਗ, ‘ਆਪ’ ਵੱਲੋਂ ਡਿੰਪੀ ਢਿੱਲੋਂ ਅਤੇ ਭਾਜਪਾ ਵੱਲੋਂ ਮਨਪ੍ਰੀਤ ਬਾਦਲ ਚੋਣ ਲੜ ਰਹੇ ਹਨ। ਇਸ ਤਰ੍ਹਾਂ ਚੱਬੇਵਾਲ ਸੀਟ ਤੋਂ ਆਮ ਆਦਮੀ ਪਾਰਟੀ ਦੇ ਇਸ਼ਾਂਕ ਚੱਬੇਵਾਲ, ਕਾਂਗਰਸ ਦੇ ਰਣਜੀਤ ਕੁਮਾਰ ਅਤੇ ਭਾਜਪਾ ਦੇ ਸੋਹਣ ਸਿੰਘ ਠੰਡਲ ਚੋਣ ਲੜ ਰਹੇ ਹਨ।
ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੀ ਜਤਿੰਦਰ ਕੌਰ, ‘ਆਪ’ ਵੱਲੋਂ ਗੁਰਦੀਪ ਸਿੰਘ ਰੰਧਾਵਾ ਅਤੇ ਭਾਜਪਾ ਵੱਲੋਂ ਰਵੀਕਰਨ ਸਿੰਘ ਕਾਹਲੋਂ ਚੋਣ ਮੈਦਾਨ ਵਿੱਚ ਹਨ। ਬਰਨਾਲਾ ਤੋਂ ‘ਆਪ’ ਵੱਲੋਂ ਹਰਿੰਦਰ ਸਿੰਘ ਧਾਲੀਵਾਲ, ਕਾਂਗਰਸ ਵੱਲੋਂ ਕੁਲਦੀਪ ਸਿੰਘ ਢਿੱਲੋਂ, ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ, ਅਕਾਲੀ ਦਲ (ਅ) ਵੱਲੋਂ ਗੋਬਿੰਦ ਸਿੰਘ ਸੰਧੂ ਅਤੇ ਆਜ਼ਾਦ ਉਮੀਦਵਾਰ ਵਜੋਂ ਗੁਰਦੀਪ ਸਿੰਘ ਬਾਠ ਚੋਣ ਲੜ ਰਹੇ ਹਨ।
ਨਤੀਜੇ 23 ਨਵੰਬਰ ਨੂੰ ਆਉਣਗੇ
ਜ਼ਿਮਨੀ ਚੋਣਾਂ ਦੇ ਨਤੀਜੇ 23 ਨਵੰਬਰ ਨੂੰ ਸਾਹਮਣੇ ਆਉਣਗੇ। ਦੇਖਣਾ ਹੋਵੇਗਾ ਕਿ ਜਨਤਾ ਨੇ ਕਿਸ ਨੂੰ ਆਪਣਾ ਸਮਰਥਨ ਦਿੱਤਾ ਹੈ ਤੇ ਕੌਣ ਕਿਥੋਂ ਬਾਜ਼ੀ ਮਾਰਦਾ ਹੈ।