ਪਹਾੜਾਂ 'ਚ ਬਰਫਬਾਰੀ ਤੋਂ ਬਾਅਦ ਪੰਜਾਬ-ਚੰਡੀਗੜ੍ਹ ਦੇ ਤਾਪਮਾਨ 'ਚ ਭਾਰੀ ਬਦਲਾਅ ਦੇਖਣ ਨੂੰ ਮਿਲਿਆ ਹੈ। ਮੌਸਮ ਵਿਭਾਗ ਨੇ ਵਧਦੀ ਠੰਡ ਨੂੰ ਦੇਖਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਹੈ। ਮੈਦਾਨੀ ਇਲਾਕਿਆਂ 'ਚ ਅੰਮ੍ਰਿਤਸਰ ਸਭ ਤੋਂ ਠੰਡਾ ਸ਼ਹਿਰ ਰਿਹਾ, ਜਿੱਥੇ ਤਾਪਮਾਨ 5.4 ਡਿਗਰੀ ਦਰਜ ਕੀਤਾ ਗਿਆ।
ਕੋਲਡ ਵੇਵ ਦਾ ਅਲਰਟ ਜਾਰੀ
ਮੌਸਮ ਵਿਭਾਗ ਦੀ ਚੇਤਾਵਨੀ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਰੂਪਨਗਰ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ ਪਰ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਕਾਰਨ ਪੰਜਾਬ-ਚੰਡੀਗੜ੍ਹ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਹਰਿਆਣਾ 'ਚ 4 ਦਿਨਾਂ ਲਈ ਸੀਤ ਲਹਿਰ ਦੀ ਚਿਤਾਵਨੀ
ਆਉਣ ਵਾਲੇ ਦਿਨਾਂ 'ਚ ਠੰਡ ਹੋਰ ਵਧੇਗੀ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਸਰਗਰਮ ਹੈ, ਜਿਸ ਕਾਰਨ 13 ਦਸੰਬਰ ਤੱਕ ਕੋਲਡ ਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ-ਚੰਡੀਗੜ੍ਹ ਦੇ ਤਾਪਮਾਨ 'ਚ 2 ਤੋਂ 3 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੇਗੀ।
ਪਹਾੜਾਂ 'ਤੇ ਲਗਾਤਾਰ ਹੋ ਰਹੀ ਬਰਫਬਾਰੀ ਦਾ ਅਸਰ ਹਰਿਆਣਾ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਰਾਤ ਦੇ ਤਾਪਮਾਨ 'ਚ ਗਿਰਾਵਟ ਨਾਲ ਮੌਸਮ ਮਾਹਰਾਂ ਨੇ ਅੱਜ ਤੋਂ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਰਾਤ ਨੂੰ ਠੰਡ ਵਧਣ ਦੀ ਸੰਭਾਵਨਾ ਹੈ। ਹਿਸਾਰ ਦਾ ਘੱਟੋ-ਘੱਟ ਤਾਪਮਾਨ 24 ਘੰਟਿਆਂ 'ਚ ਤੀਜੇ ਦਿਨ ਸਭ ਤੋਂ ਘੱਟ ਰਿਹਾ।
ਸੋਮਵਾਰ ਨੂੰ ਇੱਥੇ ਘੱਟੋ-ਘੱਟ ਤਾਪਮਾਨ 5.4 ਡਿਗਰੀ ਤੱਕ ਪਹੁੰਚ ਗਿਆ ਸੀ। ਹਾਲਾਂਕਿ ਇਸ 'ਚ ਵਾਧਾ ਹੋਇਆ ਹੈ। ਹੁਣ ਸੀਤ ਲਹਿਰ ਕਾਰਨ ਰਾਤ ਦੇ ਤਾਪਮਾਨ ਦੇ ਨਾਲ-ਨਾਲ ਦਿਨ ਦਾ ਤਾਪਮਾਨ ਵੀ ਡਿੱਗ ਸਕਦਾ ਹੈ। ਇਸ ਦੇ ਨਾਲ ਹੀ ਧੁੰਦ ਦੀ ਸੰਭਾਵਨਾ ਵੀ ਹੈ, ਆਈਐਮਡੀ ਮੁਤਾਬਕ ਅਗਲੇ ਚਾਰ ਦਿਨਾਂ ਤੱਕ ਠੰਡ ਜਾਰੀ ਰਹਿ ਸਕਦੀ ਹੈ। ਪੰਚਕੂਲਾ, ਮਹਿੰਦਰਗੜ੍ਹ, ਰੇਵਾੜੀ, ਮੇਵਾਤ, ਪਲਵਲ, ਹਿਸਾਰ, ਭਿਵਾਨੀ, ਚਰਖੀ ਦਾਦਰੀ ਵਿੱਚ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।