ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਆਮ ਵਾਂਗ ਰਹੇਗਾ ਅਤੇ ਸਵੇਰੇ ਧੁੰਦ ਤੋਂ ਬਾਅਦ ਧੁੱਪ ਨਿਕਲੇਗੀ। ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਧੁੰਦ ਕਾਰਨ ਸਥਿਤੀ ਵਿਗੜ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਾਜ਼ਿਲਕਾ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸੰਘਣੀ ਧੁੰਦ ਪਈ ਹੈ। ਸਵੇਰੇ ਇੱਥੇ ਵਿਜ਼ੀਬਿਲਟੀ 25 ਮੀਟਰ ਤੋਂ ਘੱਟ ਸੀ।
ਇਸ ਦੇ ਨਾਲ ਹੀ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਠੰਡ ਅਤੇ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹੇਗੀ। ਕਈ ਥਾਵਾਂ 'ਤੇ ਬਹੁਤ ਠੰਡ ਹੋਵੇਗੀ ਅਤੇ ਇਸ ਦੇ ਨਾਲ ਹੀ ਸੀਤ ਲਹਿਰ ਵੀ ਹੋਵੇਗੀ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਵੇਰ ਦੀ ਧੁੰਦ ਤੋਂ ਬਾਅਦ ਦੁਪਹਿਰ ਬਾਅਦ ਧੁੱਪ ਨਿਕਲੇਗੀ, ਜਿਸ ਕਾਰਨ ਲੋਕਾਂ ਨੂੰ ਠੰਡ ਤੋਂ ਰਾਹਤ ਮਿਲ ਸਕਦੀ ਹੈ।
ਘੱਟੋ-ਘੱਟ ਪਾਰਾ ਆਮ ਨਾਲੋਂ ਹੇਠਾਂ ਰਿਹਾ
ਪੰਜਾਬ ਦੇ ਅੰਮ੍ਰਿਤਸਰ ਵਿੱਚ ਪਾਰਾ 7.2 ਡਿਗਰੀ ਅਤੇ ਲੁਧਿਆਣਾ ਵਿੱਚ 4.9 ਡਿਗਰੀ ਰਿਹਾ, ਜੋ ਕਿ ਆਮ ਨਾਲੋਂ 0.7 ਡਿਗਰੀ ਘੱਟ ਹੈ। ਪਟਿਆਲਾ ਦਾ ਤਾਪਮਾਨ 5.4 ਡਿਗਰੀ ਰਿਹਾ ਜੋ ਕਿ ਆਮ ਨਾਲੋਂ 1.2 ਡਿਗਰੀ ਘੱਟ ਸੀ ਅਤੇ ਬਠਿੰਡਾ ਦਾ ਤਾਪਮਾਨ 4.0 ਡਿਗਰੀ ਰਿਹਾ ਜੋ ਆਮ ਨਾਲੋਂ 1.0 ਡਿਗਰੀ ਘੱਟ ਸੀ। ਇਸ ਤੋਂ ਇਲਾਵਾ ਪਠਾਨਕੋਟ ਵਿੱਚ 6.6 ਡਿਗਰੀ ਅਤੇ ਨਵਾਂਸ਼ਹਿਰ ਵਿੱਚ 5.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
8 ਜ਼ਿਲ੍ਹਿਆਂ ਵਿੱਚ ਧੁੰਦ ਦਾ ਰੈੱਡ ਅਲਰਟ
ਹਰਿਆਣਾ ਦੇ 8 ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅੰਬਾਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਸੋਨੀਪਤ, ਪਾਣੀਪਤ, ਸਿਰਸਾ, ਫਤਿਹਾਬਾਦ ਅਤੇ ਜੀਂਦ ਸ਼ਾਮਲ ਹਨ। ਇੱਥੇ ਵੀ ਵਿਜ਼ੀਬਿਲਟੀ 25 ਮੀਟਰ ਦੇ ਕਰੀਬ ਹੈ। ਉਥੇ ਹੀ ਚੰਡੀਗੜ੍ਹ 'ਚ ਸਵੇਰੇ ਧੁੰਦ ਅਤੇ ਦੁਪਹਿਰ ਨੂੰ ਧੁੱਪ ਪੈਣ ਦੀ ਸੰਭਾਵਨਾ ਹੈ।
ਹਿਮਾਚਲ 'ਚ ਬਾਰਿਸ਼ ਅਤੇ ਬਰਫਬਾਰੀ ਦਾ ਅਲਰਟ
ਹਿਮਾਚਲ 'ਚ ਵੀ ਮੌਸਮ ਬਦਲ ਰਿਹਾ ਹੈ।ਸ਼ਨੀਵਾਰ ਨੂੰ ਰੋਹਤਾਂਗ ਦੱਰਾ, ਕੁੰਜਮ ਦੱਰਾ, ਬਰਾਲਾਚਾ ਦੱਰਾ, ਸ਼ਿੰਕੁਲਾ ਦੱਰਾ, ਘੇਪਨ ਪੀਕ, ਚੰਦਰਭਾਗਾ ਰੇਂਜ ਦੀਆਂ ਪਹਾੜੀਆਂ 'ਤੇ ਹਲਕੀ ਬਰਫਬਾਰੀ ਹੋਈ। ਜਿਸ ਤੋਂ ਬਾਅਦ ਹੁਣ ਸ਼ਿਮਲਾ ਸਮੇਤ ਕਈ ਮੱਧ ਅਤੇ ਉੱਚ ਪਹਾੜੀ ਇਲਾਕਿਆਂ 'ਚ 16 ਅਤੇ 17 ਜਨਵਰੀ ਨੂੰ ਬਾਰਿਸ਼ ਜਾਂ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅਜਿਹੇ 'ਚ ਜੇਕਰ ਪਹਾੜਾਂ 'ਚ ਬਰਫਬਾਰੀ ਜਾਂ ਬਾਰਿਸ਼ ਹੁੰਦੀ ਹੈ ਤਾਂ ਇਸ ਦਾ ਅਸਰ ਪੰਜਾਬ-ਹਰਿਆਣਾ 'ਤੇ ਵੀ ਪਵੇਗਾ।
ਵਧਾਈਆਂ ਗਈਆਂ ਸਕੂਲਾਂ ਦੀਆਂ ਛੁੱਟੀਆਂ
ਕੜਾਕੇ ਦੀ ਠੰਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੰਜਾਬ ਦੇ ਸਕੂਲਾਂ ਵਿੱਚ 21 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਨਵੇਂ ਹੁਕਮਾਂ ਅਨੁਸਾਰ 5ਵੀਂ ਜਮਾਤ ਤੱਕ ਦੇ ਬੱਚਿਆਂ ਲਈ ਛੁੱਟੀਆਂ ਹੋਣਗੀਆਂ। ਜਦੋਂ ਕਿ 6ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਬਾਕੀ ਵਿਦਿਆਰਥੀ ਬਕਾਇਦਾ ਸਕੂਲ ਆਉਣਗੇ।