ਪਹਾੜਾਂ 'ਤੇ ਹੋ ਰਹੀ ਬਰਫਬਾਰੀ ਕਾਰਨ ਪੂਰਾ ਉੱਤਰ ਭਾਰਤ ਸੀਤ ਲਹਿਰ ਦੀ ਲਪੇਟ 'ਚ ਹੈ। ਪੰਜਾਬ-ਹਰਿਆਣਾ 'ਚ ਸੋਮਵਾਰ ਨੂੰ ਇਕ ਵਾਰ ਫਿਰ ਰੈੱਡ ਅਲਰਟ ਜਾਰੀ ਕੀਤਾ ਗਿਆ। ਧੁੰਦ ਕਾਰਨ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਅਗਲੇ 2 ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।ਇਸ ਦੌਰਾਨ ਮੌਸਮ ਵਿਭਾਗ ਨੇ ਕੜਾਕੇ ਦੀ ਠੰਡ ਦੀ ਚੇਤਾਵਨੀ ਦਿੱਤੀ ਹੈ। ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 1 ਡਿਗਰੀ ਦਰਜ ਕੀਤਾ ਗਿਆ ਹੈ।
16 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 16 ਜ਼ਿਲ੍ਹਿਆਂ ਕਪੂਰਥਲਾ, ਜਲੰਧਰ, ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ,ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਮੋਗਾ, ਅੰਮ੍ਰਿਤਸਰ, ਫਾਜ਼ਿਲਕਾ, ਬਰਨਾਲਾ, ਬਠਿੰਡਾ, ਲੁਧਿਆਣਾ, ਹੁਸ਼ਿਆਰਪੁਰ, ਤਰਨਤਾਰਨ, ਮਾਨਸਾ ਅਤੇ ਸੰਗਰੂਰ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਸੰਘਣੀ ਧੁੰਦ ਦਾ ਅਸਰ ਫਲਾਈਟਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਕੁਝ ਫਲਾਈਟਾਂ 'ਚ ਦੇਰੀ ਹੋ ਰਹੀ ਹੈ।
ਚੰਡੀਗੜ੍ਹ 'ਚ ਠੰਡ ਤੋਂ ਰਾਹਤ ਨਹੀਂ ਮਿਲੇਗੀ
ਚੰਡੀਗੜ੍ਹ 'ਚ 4 ਦਿਨਾਂ ਤੱਕ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ। ਮੌਸਮ ਵਿਭਾਗ ਅਨੁਸਾਰ 17 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 4 ਡਿਗਰੀ, 18 ਅਤੇ 19 ਜਨਵਰੀ ਨੂੰ 5 ਡਿਗਰੀ ਅਤੇ 20 ਜਨਵਰੀ ਨੂੰ 6 ਡਿਗਰੀ ਰਹਿਣ ਦੀ ਸੰਭਾਵਨਾ ਹੈ। ਅਜਿਹੇ 'ਚ ਠੰਡ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਹਾਲਾਂਕਿ ਹੁਣ ਹਰ ਰੋਜ਼ ਧੁੱਪ ਨਿਕਲੇਗੀ ਪਰ ਠੰਡੀਆਂ ਹਵਾਵਾਂ ਕਾਰਨ ਤਾਪਮਾਨ ਜ਼ਿਆਦਾ ਨਹੀਂ ਵਧੇਗਾ।
ਹਿਮਾਚਲ 'ਚ ਬਰਫਬਾਰੀ ਨਾਲ ਮੌਸਮ ਬਦਲੇਗਾ
ਹਿਮਾਚਲ ਵਿੱਚ ਅੱਜ ਅਤੇ ਕੱਲ੍ਹ ਹਲਕੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਲਾਹੌਲ ਸਪਿਤੀ, ਕਿਨੌਰ, ਚੰਬਾ, ਸ਼ਿਮਲਾ ਦੇ ਕਈ ਹਿੱਸਿਆਂ 'ਚ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ। ਜੇਕਰ ਬਰਫਬਾਰੀ ਹੁੰਦੀ ਹੈ ਤਾਂ ਇਸ ਦਾ ਅਸਰ ਸਿੱਧਾ ਹਿਮਾਚਲ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ 'ਚ ਵੀ ਦੇਖਣ ਨੂੰ ਮਿਲੇਗਾ। ਜਿਸ ਕਾਰਨ ਦੋਵਾਂ ਰਾਜਾਂ ਵਿੱਚ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ।