ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਵੀ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਉਂਦੇ ਹੋਏ ਅੱਜ ਰੈੱਡ ਅਲਰਟ ਜਾਰੀ ਕੀਤਾ ਹੈ। ਇਹ ਅਲਰਟ 11 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਲਈ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 28, 29 ਤੇ 30 ਦਸੰਬਰ ਨੂੰ ਸੰਘਣੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਵਿਭਾਗ ਦਾ ਕਹਿਣਾ ਹੈ ਕਿ ਅਗਲੇ 3-4 ਦਿਨਾਂ ਤੱਕ ਘੱਟੋ-ਘੱਟ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ।
ਪੰਜਾਬ 'ਚ ਬਠਿੰਡਾ ਰਿਹਾ ਸਭ ਤੋਂ ਠੰਡਾ
ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ, ਅੰਮ੍ਰਿਤਸਰ 8.2 ਡਿਗਰੀ, ਲੁਧਿਆਣਾ 7.2 ਡਿਗਰੀ, ਬਠਿੰਡਾ 6.4 ਡਿਗਰੀ, ਪਟਿਆਲਾ 8.6 ਡਿਗਰੀ, ਪਠਾਨਕੋਟ 6.5 ਡਿਗਰੀ, ਗੁਰਦਾਸਪੁਰ 7 ਡਿਗਰੀ, ਫਰੀਦਕੋਟ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਰਨਾਲਾ ਵਿੱਚ 8.7 ਡਿਗਰੀ, ਫਤਿਹਗੜ੍ਹ ਸਾਹਿਬ ਵਿੱਚ 8, ਫ਼ਿਰੋਜ਼ਪੁਰ ਵਿੱਚ 9.4 ਅਤੇ ਮੋਗਾ ਵਿੱਚ 8.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਤਾਪਮਾਨ ਆਮ ਨਾਲੋਂ 1 ਤੋਂ 2 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ।
ਲਗਾਤਾਰ ਦੂਜੇ ਦਿਨ ਡਿੱਗਿਆ ਪਾਰਾ
ਪੰਜਾਬ ਵਿੱਚ ਲਗਾਤਾਰ ਦੂਜੇ ਦਿਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਸੋਮਵਾਰ ਨੂੰ ਦਿਨ ਦੇ ਪਾਰਾ 'ਚ 1.9 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਮੰਗਲਵਾਰ ਨੂੰ 1.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤਰ੍ਹਾਂ 2 ਦਿਨਾਂ 'ਚ ਪਾਰਾ 'ਚ 3.1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਦੇ ਨੇੜੇ ਹੀ ਰਿਹਾ। ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਦਾ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 17.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 1.9 ਡਿਗਰੀ ਸੈਲਸੀਅਸ ਘੱਟ ਸੀ।
ਧੁੰਦ ਕਾਰਨ ਦੋ ਉਡਾਣਾਂ ਰੱਦ ਤੇ 27 ਨੂੰ ਕੀਤਾ ਗਿਆ ਡਾਇਵਰਟ
ਧੁੰਦ ਕਾਰਨ ਸੜਕੀ, ਰੇਲ ਅਤੇ ਹਵਾਈ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੁਆਲਾਲੰਪੁਰ ਜਾਣ ਵਾਲੀਆਂ ਦੋ ਉਡਾਣਾਂ ਨੂੰ ਰੱਦ ਕਰਨਾ ਪਿਆ, ਜਦੋਂ ਕਿ ਦਿਨ ਭਰ ਵਿੱਚ 27 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦਾ ਸਮਾਂ ਬਦਲਣਾ ਪਿਆ।