ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਲਾਪੁਰ ਬੇਟ ਵਿੱਚ ਇੱਕ ਅਧਿਆਪਕ ਨੇ ਇੱਕ ਮੋੜ ਕੋਲ ਖੜ੍ਹੇ ਇੱਕ ਨੌਜਵਾਨ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ ਅਤੇ ਫਿਰ ਕਾਰ ਦੇ ਬੋਨਟ ਨਾਲ ਲਟਕਦੇ ਨੌਜਵਾਨ ਨੂੰ ਕਰੀਬ 10 ਕਿਲੋਮੀਟਰ ਤੱਕ ਘੁਮਾਇਆ ।
ਤੇਜ਼ ਰਫਤਾਰ ਕਾਰ ਨੇ ਟੱਕਰ ਮਾਰੀ
ਪੀੜਿਤ ਨੇ ਦੱਸਿਆ ਕਿ ਉਹ ਸੁਲਤਾਨਪੁਰ ਲੋਧੀ ਦੀ ਇੱਕ ਪ੍ਰਾਈਵੇਟ ਅਕੈਡਮੀ ਵਿੱਚ ਆਈਲੈਟਸ (IELTS) ਦੀ ਪੜ੍ਹਾਈ ਕਰ ਰਿਹਾ ਹੈ। ਜਦੋਂ ਉਹ ਪਿੰਡ ਸ਼ਾਲਾਪੁਰ ਬੇਟ ਦੇ ਮੋੜ ’ਤੇ ਖੜ੍ਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਕਾਰ ਵਿੱਚ ਅਧਿਆਪਕ ਬਲਜਿੰਦਰ ਸਿੰਘ ਸਫ਼ਰ ਕਰ ਰਹੇ ਸਨ, ਜੋ ਮੇਰੇ ਪਿੰਡ ਦੇ ਵਸਨੀਕ ਹਨ। ਪੀੜਿਤ ਨੇ ਇਹ ਵੀ ਦੱਸਿਆ ਕਿ ਕਾਰ ਨਾਲ ਟੱਕਰ ਮਾਰਨ ਤੋਂ ਬਾਅਦ ਉਸ ਨੂੰ ਬੋਨਟ 'ਤੇ ਲਟਕਾ ਕੇ ਇਲਾਕੇ ਵਿਚ ਘੁਮਾਇਆ ਗਿਆ।
ਮਾਰਨ ਦੇ ਇਰਾਦੇ ਨਾਲ ਹਮਲਾ
ਪੀੜਿਤ ਲੜਕੇ ਨੇ ਦੱਸਿਆ ਕਿ ਅਧਿਆਪਕ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ। ਉਹ ਪਿੰਡ ਸ਼ਾਲਾਪੁਰ ਤੋਂ ਸੁਲਤਾਨਪੁਰ ਲੋਧੀ, ਊਧਮ ਸਿੰਘ ਚੌਕ ਅਤੇ ਕਪੂਰਥਲਾ ਰੋਡ ’ਤੇ ਕਰੀਬ ਇੱਕ ਘੰਟਾ ਕਾਰ ਦੇ ਬੋਨਟ ’ਤੇ ਲਟਕਦਾ ਰਿਹਾ।
ਜਿਸ ਤੋਂ ਬਾਅਦ ਉਸ ਨੇ ਡਡਵਿੰਡੀ ਨੇੜੇ ਕਾਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਪੁਲਿਸ ਅਜੇ ਤੱਕ ਅਧਿਆਪਕ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਉਸ ਦੇ ਚਾਚਾ ਸੁਰਜੀਤ ਸਿੰਘ ਨੇ ਪੀੜਿਤ ਨੂੰ ਇਲਾਜ ਲਈ ਸਰਕਾਰੀ ਸਿਹਤ ਕੇਂਦਰ ਟਿੱਬਾ ਵਿਖੇ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਬਲਜਿੰਦਰ ਸਿੰਘ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਹਨਾਂ ਦਾ ਨੌਜਵਾਨ ਦੇ ਪਰਿਵਾਰ ਨਾਲ ਪੁਰਾਣਾ ਝਗੜਾ ਵੀ ਚੱਲ ਰਿਹਾ ਹੈ। ਹਾਲਾਂਕਿ ਪੁਲਿਸ ਅਜੇ ਤੱਕ ਦੋਸ਼ੀ ਅਧਿਆਪਕ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ।
ਪੁਲਿਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।