ਸੰਗਰੂਰ ਦੇ ਮੈਰੀਟੋਰੀਅਸ ਸਰਕਾਰੀ ਸਕੂਲ ਵਿੱਚ ਮਿਡ-ਡੇ-ਮੀਲ ਖਾਣ ਨਾਲ ਵਿਦਿਆਰਥੀਆਂ ਦੀ ਸਿਹਤ ਵਿਗੜਨ ਦੀ ਚਿੰਤਾਜਨਕ ਘਟਨਾ ਤੋਂ ਬਾਅਦ ਹੁਣ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਹਰਕਤ ਵਿੱਚ ਆ ਗਿਆ ਹੈ। ਇਸ ਸਬੰਧੀ ਪੰਜਾਬ ਮਿਡ-ਡੇ-ਮੀਲ ਸੋਸਾਇਟੀ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਡ-ਡੇ-ਮੀਲ ਤਿਆਰ ਕਰਨ ਅਤੇ ਪਰੋਸਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਇਹ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ
ਜਾਰੀ ਹਦਾਇਤਾਂ ਅਨੁਸਾਰ ਕਿਸੇ ਵੀ ਸਕੂਲੀ ਬੱਚੇ ਨੂੰ ਮਿਡ-ਡੇ-ਮੀਲ ਪਰੋਸਣ ਤੋਂ ਪਹਿਲਾਂ ਮਿਡ-ਡੇ-ਮੀਲ ਵਰਕਰ, ਫਿਰ ਮਿਡ-ਡੇ-ਮੀਲ ਇੰਚਾਰਜ ਅਤੇ ਬਾਅਦ ਵਿਚ ਸਕੂਲ ਮੁਖੀ ਦੁਆਰਾ ਇਸ ਦਾ ਸੁਆਦ ਚੱਖਿਆ ਜਾਵੇਗਾ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਪਰੋਸਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਅਣਗਹਿਲੀ ਹੁੰਦੀ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਕੂਲ ਮੁਖੀ ਜਾਂ ਮਿਡ-ਡੇ-ਮੀਲ ਇੰਚਾਰਜ ਦੀ ਹੋਵੇਗੀ।