ਖਬਰਿਸਤਾਨ ਨੈੱਟਵਰਕ- ਹੁਸ਼ਿਆਰਪੁਰ ਦੀ ਬੱਚਾ ਅਗਵਾ ਕਰ ਕੇ ਕਤਲ ਦੀ ਵਾਰਦਾਤ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿੱਚ ਪ੍ਰਵਾਸੀਆਂ ਵਿਰੁੱਧ ਬਹੁਤ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਪ੍ਰਵਾਸੀਆਂ ਵਿਰੁੱਧ ਸਖ਼ਤ ਫੈਸਲੇ ਲਏ ਜਾ ਰਹੇ ਹਨ। ਬਠਿੰਡਾ ਦੇ ਗਹਿਰੀ ਭਾਗੀ ਪਿੰਡ ਵਿੱਚ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰ ਕੇ ਪ੍ਰਵਾਸੀਆਂ ਵਿਰੁੱਧ ਸ਼ਰਤਾਂ ਲਗਾਈਆਂ ਗਈਆਂ ਹਨ।
ਪੰਚਾਇਤ ਨੇ ਪ੍ਰਵਾਸੀਆਂ ਲਈ ਇਹ ਸ਼ਰਤਾਂ ਜਾਰੀ ਕੀਤੀਆਂ
ਪ੍ਰਵਾਸੀ ਪਿੰਡ ਵਿੱਚ ਕੋਈ ਘਰ ਜਾਂ ਜ਼ਮੀਨ ਨਹੀਂ ਖਰੀਦ ਸਕਣਗੇ।
ਪ੍ਰਵਾਸੀ ਮਜ਼ਦੂਰਾਂ ਲਈ ਆਧਾਰ ਕਾਰਡ ਬਣਾਉਣ ਅਤੇ ਵੋਟ ਪਾਉਣ 'ਤੇ ਪਾਬੰਦੀ ਹੋਵੇਗੀ।
ਪਿੰਡ ਵਿੱਚ ਆਉਣ ਵਾਲੇ ਪ੍ਰਵਾਸੀ ਸਿਰਫ਼ ਖੇਤ ਦੀ ਮੋਟਰ 'ਤੇ ਹੀ ਰਹਿ ਸਕਣਗੇ।
ਜਿਸ ਕਿਸਾਨ ਦੇ ਖੇਤ ਵਿੱਚ ਪ੍ਰਵਾਸੀ ਮਜ਼ਦੂਰ ਕੰਮ ਕਰਦਾ ਹੈ, ਉਹ ਕਿਸਾਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।
ਹਰੇਕ ਪ੍ਰਵਾਸੀ ਮਜ਼ਦੂਰ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇਗੀ।
ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਲਿਆ ਗਿਆ ਫੈਸਲਾ
ਪਿੰਡ ਦੇ ਸਰਪੰਚ ਬਲਜੀਤ ਸਿੰਘ ਨੇ ਕਿਹਾ ਕਿ ਪੰਚਾਇਤ ਨੇ ਹੁਸ਼ਿਆਰਪੁਰ ਅਤੇ ਪੰਜਾਬ ਦੇ ਹੋਰ ਵੱਖ-ਵੱਖ ਥਾਵਾਂ 'ਤੇ ਪ੍ਰਵਾਸੀਆਂ ਵੱਲੋਂ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਇਹ ਸਖ਼ਤ ਫੈਸਲਾ ਲਿਆ ਹੈ। ਕੰਮ ਲਈ ਆਉਣ ਵਾਲਾ ਕੋਈ ਵੀ ਮਜ਼ਦੂਰ ਪਿੰਡ ਵਿੱਚ ਨਹੀਂ ਵਸ ਸਕੇਗਾ। ਨਾ ਤਾਂ ਉਸ ਨੂੰ ਵੋਟਰ ਆਈ ਡੀ ਕਾਰਡ ਮਿਲੇਗਾ, ਨਾ ਹੀ ਆਧਾਰ ਕਾਰਡ ਬਣੇਗਾ, ਨਾ ਹੀ ਉਹ ਕੋਈ ਜਗ੍ਹਾ ਖਰੀਦ ਸਕੇਗਾ। ਇਸ ਫੈਸਲੇ ਦਾ ਕਿਸਾਨ ਯੂਨੀਅਨ ਨੇ ਵੀ ਸਮਰਥਨ ਕੀਤਾ ਹੈ।