ਬੀਤੀ ਰਾਤ ਪੰਜਾਬ ਵਿੱਚ ਤੇਜ਼ ਹਨੇਰੀ-ਝੱਖੜ ਦੇ ਨਾਲ-ਨਾਲ ਬਿਜਲੀ ਦੀ ਗਰਜ਼ ਤੇ ਤੇਜ਼ ਮੀਂਹ ਪਿਆ। ਮੀਂਹ ਕਾਰਨ ਤਾਪਮਾਨ 4 ਡਿਗਰੀ ਤੱਕ ਹੇਠਾਂ ਡਿੱਗ ਗਿਆ। ਇਸ ਦੌਰਾਨ ਤੇਜ਼ ਹਵਾਵਾਂ ਕਾਰਨ ਕਈ ਇਲਾਕਿਆਂ 'ਚ ਦਰੱਖਤ ਡਿੱਗਣ ਦੀ ਵੀ ਸੂਚਨਾ ਹੈ। ਮੀਂਹ ਕਾਰਨ ਮੌਸਮ ਵਿਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤੇ ਮੌਸਮ ਠੰਡਾ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਵੀ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਮੀਂਹ ਤੋਂ ਬਾਅਦ ਤਾਪਮਾਨ ਹੋਰ ਹੇਠਾਂ ਜਾਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਸੂਬੇ 'ਚ ਗਰਮੀ ਦਾ ਕਹਿਰ ਬਰਕਰਾਰ ਰਿਹਾ। ਘੱਟੋ-ਘੱਟ ਤਾਪਮਾਨ 24.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੇ ਔਸਤ ਨਾਲੋਂ ਤਿੰਨ ਡਿਗਰੀ ਵੱਧ ਹੈ।
ਮੌਸਮ ਵਿਗਿਆਨੀਆਂ ਨੇ ਮੰਗਲਵਾਰ ਨੂੰ ਇੱਕ ਜਾਂ ਦੋ ਥਾਵਾਂ 'ਤੇ ਅੰਸ਼ਕ ਤੌਰ 'ਤੇ ਬੱਦਲਵਾਈ ਰਹਿਣ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 36 ਅਤੇ 24 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। 24 ਘੰਟੇ ਦੇ ਏਅਰ ਕੁਆਲਿਟੀ ਇੰਡੈਕਸ 'ਚ ਮਾਮੂਲੀ ਸੁਧਾਰ ਦੇਖਿਆ ਗਿਆ।