ਖਬਰਿਸਤਾਨ, ਨੈੱਟਵਰਕ ਜਲੰਧਰ- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਅਤੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਪੂਨੀਆਂ ਦਾਣਾ ਮੰਡੀ ਵਿਖੇ ਭਰਵਾਂ ਇਕੱਠ ਕਰ ਕੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣ ਰਹੇ ਬੇਤਰਤੀਬੇ ਜੰਮੂ-ਕੱਟੜਾ ਐਕਸਪ੍ਰੈਸ ਵੇਅ ਦਾ ਸਖ਼ਤ ਵਿਰੋਧ ਕੀਤਾ ਗਿਆ। ਇਸ ਦੌਰਾਨ ਦੱਸਿਆ ਗਿਆ ਕਿ ਇਸ ਦੇ ਵਿਰੋਧ ਵਿਚ 28 ਅਗਸਤ ਦੇ ਰੇਲ ਧਰਨੇ ਸਬੰਧੀ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ,ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ, ਜਿਲਾ ਸਕੱਤਰ ਜਰਨੈਲ ਸਿੰਘ ਰਾਮੇ, ਜਿਲਾ ਖਜ਼ਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ, ਜ਼ਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ, ਰਜਿੰਦਰ ਸਿੰਘ ਨੰਗਲ ਅੰਬੀਆਂ, ਮਾ.ਜੋਗਿੰਦਰ ਸਿੰਘ, ਕਸ਼ਮੀਰ ਸਿੰਘ ਸਿੰਧੜ, ਦਲਬੀਰ ਸਿੰਘ ਕੰਗ,ਬੀਬੀ ਦਵਿੰਦਰ ਕੌਰ ਜਲਾਲਪੁਰ, ਕੁਲਦੀਪ ਕੌਰ ਪੂਨੀਆਂ, ਸਰਪੰਚ ਧੰਨਾਂ ਸਿੰਘ ਤਲਵੰਡੀ ਸੰਘੇੜਾ, ਸੁਖਜਿੰਦਰ ਸਿੰਘ ਹੇਰਾ ਤੇ ਹੋਰ ਆਗੂਆਂ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਜ਼ਦੂਰ ਨੂੰ 200 ਦਿਨ ਰੋਜ਼ਗਾਰ ਦੇਵੇ, ਐਮ.ਐਸ.ਪੀ.ਗਰੰਟੀ ਦਾ ਕਾਨੂੰਨ ਬਣਾਵੇ, ਫਸਲਾਂ ਦੇ ਖ਼ਰਾਬੇ ਦਾ 50 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ, ਜਿਸ ਕਿਸਾਨ ਦੇ ਪਸ਼ੂ ਧਨ ਦੀ ਹਾਨੀ ਹੋਈ ਹੈ, ਉਸ ਨੂੰ ਇਕ ਲੱਖ, ਜਿਸਦਾ ਘਰ ਢੇਰੀ ਹੋਇਆ, ਉਸ ਨੂੰ 5 ਲੱਖ,ਜੀਅ ਦੀ ਮੌਤ ਉਤੇ ਦੱਸ ਲੱਖ ਦਾ ਮੁਆਵਜ਼ਾ ਦੇਵੇ ਅਤੇ ਜਿਹੜੇ ਖੇਤਾਂ ਵਿੱਚ ਮਿੱਟੀ ਪੈ ਗਈ ਹੈ ਉੱਥੇ ਮਾਇਨਿੰਗ ਦਾ ਹੱਕ ਕਿਸਾਨ ਨੂੰ ਦਿੱਤਾ ਜਾਵੇ।
ਡਾ. ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ,ਧੜੱਲੇ ਨਾਲ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਨੱਥ ਪਾਈ ਜਾਵੇ, ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀ ਜੇਲਾਂ ਵਿੱਚ ਡੱਕੇ ਜਾਣ, ਚਿਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ,ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਆਦਿ ਮੰਗਾਂ ਨੂੰ ਲੇ ਕੇ 28 ਸਤੰਬਰ ਨੂੰ ਪੰਜਾਬ ਭਰ ਵਿੱਚ 16 ਜਥੇਬੰਦੀਆਂ ਵੱਲੋ ਵੱਖ-ਵੱਖ ਥਾਂਵਾਂ ਉਤੇ ਸਾਂਝੇ ਤੌਰ ਉਤੇ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ।
ਚੱਕਾ ਜਾਮ ਦੌਰਾਨ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ, ਬੀਬੀਆਂ,ਬੱਚੇ, ਬਜ਼ੁਰਗ ਹਿੱਸਾ ਲੇਣਗੇ। ਉਨਾਂ ਸਾਰਿਆਂ ਨੂੰ ਵੱਧ-ਚੜ੍ਹ ਕੇ ਧਰਨੇ ਵਿਚ ਪਹੁੰਚਣ ਦੀ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸ ਮੋਕੇ ਹੋਰਨਾਂ ਤੋਂ ਇਲਾਵਾ ਜਲੰਧਰ ਜਿਲੇ ਦੇ ਸਾਰੇ ਜ਼ੋਨਾਂ ਤੋਂ ਅਨੇਕਾਂ ਕਿਸਾਨ ,ਮਜ਼ਦੂਰ ,ਬੀਬੀਆਂ ,ਬੱਚੇ ਅਤੇ ਆਗੂ ਹਾਜ਼ਰ ਸਨ।