ਖਬਰਿਸਤਾਨ ਨੈੱਟਵਰਕ ਚੰਡੀਗੜ੍ਹ- ਅੰਮ੍ਰਿਤਪਾਲ ਸਿੰਘ ਤੇ ਉਸ ਦੇ 9 ਸਾਥੀਆਂ ਨੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਵੀ ਆਪਣੇ ਪਤੀ ਦੇ ਸਮਰਥਨ ਵਿੱਚ ਜੇਲ੍ਹ ਨੇੜੇ ਭੁੱਖ ਹੜਤਾਲ ’ਤੇ ਬੈਠ ਗਈ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਚੁਣੇ ਹੋਏ ਵਕੀਲ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ।
ਵਕੀਲ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ
ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਨੂੰ ਨੈਸ਼ਨਲ ਸਕਿਉਰਿਟੀ ਐਕਟ (ਐਨਐਸਏ) ਤਹਿਤ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਕਿਰਨਦੀਪ ਕੌਰ ਨੇ ਦੱਸਿਆ ਕਿ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਨੂੰ ਉਨ੍ਹਾਂ ਦੇ ਵਕੀਲ ਰਾਜਦੇਵ ਸਿੰਘ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ, ਹਾਲਾਂਕਿ ਉਨ੍ਹਾਂ ਨੂੰ ਅਜਿਹਾ ਕਰਨ ਦਾ ਪੂਰਾ ਅਧਿਕਾਰ ਹੈ।
ਅੰਮ੍ਰਿਤਪਾਲ ਨੇ ਅੰਮ੍ਰਿਤਸਰ ਦੇ ਡੀ ਸੀ ਖਿਲਾਫ ਜੇਲ ਸੁਪਰਡੈਂਟ ਨੂੰ ਲਿਖੀ ਚਿੱਠੀ
ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ 5 ਦਿਨ ਹੋ ਗਏ ਹਨ ਪਰ ਕੋਈ ਹੱਲ ਨਹੀਂ ਹੋਇਆ। 28 ਸਤੰਬਰ ਨੂੰ ਅੰਮ੍ਰਿਤਪਾਲ ਨੇ ਅੰਮ੍ਰਿਤਸਰ ਦੇ ਡੀ ਸੀ ਖਿਲਾਫ ਡਿਬਰੂਗੜ੍ਹ ਜੇਲ ਦੇ ਸੁਪਰਡੈਂਟ ਨੂੰ ਚਿੱਠੀ ਲਿਖੀ ਸੀ। ਕਿਹਾ ਗਿਆ ਕਿ ਅੰਮ੍ਰਿਤਸਰ ਦੇ ਡੀ ਸੀ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੂੰ ਉਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦੇ ਰਹੇ ਹਨ, ਜਦੋਂ ਕਿ ਉਸ ਦੇ ਵਕੀਲ ਵੱਲੋਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਕੀ ਕਹਿਣਾ ਹੈ ਅੰਮ੍ਰਿਤਸਰ ਦੇ ਡੀ ਸੀ ਦਾ
ਇਸ ਮਾਮਲੇ ਬਾਰੇ ਅੰਮ੍ਰਿਤਸਰ ਦੇ ਡੀ ਸੀ ਅਮਿਤ ਤਲਵਾੜ ਨੇ ਕਿਹਾ ਕਿ ਕੈਦੀਆਂ ਨੂੰ ਆਪਣੀ ਪਸੰਦ ਦੇ ਵਕੀਲ ਨੂੰ ਮਿਲਣ ਦੀ ਪੂਰੀ ਇਜਾਜ਼ਤ ਹੈ। ਅੰਮ੍ਰਿਤਪਾਲ ਪਹਿਲਾਂ ਹੀ ਐਡਵੋਕੇਟ ਨਵਕਿਰਨ ਸਿੰਘ ਨੂੰ ਮਿਲ ਚੁੱਕੇ ਹਨ। ਹੁਣ ਉਹ ਰਾਜਦੇਵ ਸਿੰਘ ਖਾਲਸਾ ਨੂੰ ਮਿਲਣ ਦੀ ਇਜਾਜ਼ਤ ਮੰਗ ਰਹੇ ਹਨ। ਉਨ੍ਹਾਂ ਨੂੰ ਨਵੇਂ ਵਕੀਲ ਨਾਲ ਮਿਲਣ ਦੀ ਇਜਾਜ਼ਤ ਦੇਣ ਦਾ ਮਾਮਲਾ ਗ੍ਰਹਿ ਸਕੱਤਰ ਨੂੰ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਉਸ ਤੋਂ ਮਾਰਗਦਰਸ਼ਨ ਅਤੇ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਜੇਲ੍ਹ 'ਚ ਅੰਮ੍ਰਿਤਪਾਲ ਦੀ ਦੂਜੀ ਹੜਤਾਲ
ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੀ ਇਹ ਦੂਜੀ ਹੜਤਾਲ ਹੈ। ਕੁਝ ਮਹੀਨੇ ਪਹਿਲਾਂ ਵੀ ਉਹ ਜੇਲ੍ਹ 'ਚ ਭੁੱਖ ਹੜਤਾਲ 'ਤੇ ਚਲੇ ਗਏ ਸਨ। ਇਲਜ਼ਾਮ ਸੀ ਕਿ ਉਸ ਦੇ ਖਾਣੇ ਵਿੱਚ ਜਾਣਬੁੱਝ ਕੇ ਤੰਬਾਕੂ ਮਿਲਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਉਸ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ। ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੀ ਇਹ ਦੂਜੀ ਹੜਤਾਲ ਹੈ। ਇਸ ਤੋਂ ਬਾਅਦ ਉਸ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ।