ਲੁਧਿਆਣਾ 'ਚ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਪਟਾਕਿਆਂ ਦਾ ਵੱਡਾ ਜਖੀਰਾ ਬਰਾਮਦ ਹੋਇਆ ਹੈ, ਜਿਸ ਨੂੰ ਲੁਹਾਰਾ ਨੇੜੇ ਇਕ ਗੋਦਾਮ 'ਚ ਰੱਖਿਆ ਗਿਆ ਸੀ, ਜਿਸ 'ਚੋਂ ਕਰੀਬ 300 ਪੇਟੀਆਂ ਪਟਾਕਿਆਂ ਦੀਆਂ ਬਰਾਮਦ ਹੋਈਆਂ ਹਨ।
ਬਰਾਮਦ ਹੋਏ ਪਟਾਕਿਆਂ ਦੀ ਬਾਜ਼ਾਰੀ ਕੀਮਤ ਲੱਖਾਂ ਰੁਪਏ ਬਣਦੀ ਹੈ। ਇਸ ਬਾਰੇ ਪੁਲਸ ਕਮਿਸ਼ਨਰ ਨੇ ਕਿਹਾ ਕਿ ਪਟਾਕਿਆਂ ਨੂੰ ਘੱਟੋ-ਘੱਟ 50 ਲੱਖ ਰੁਪਏ ਵਿੱਚ ਬਾਜ਼ਾਰ ਵਿੱਚ ਵੇਚਿਆ ਜਾਣਾ ਸੀ। ਉਨ੍ਹਾਂ ਲੁਧਿਆਣਾ ਦੇ ਹੋਰ ਵਪਾਰੀਆਂ ਨੂੰ ਵੀ ਕਿਹਾ ਕਿ ਉਹ ਪਟਾਕਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਭੰਡਾਰ ਨਾ ਕਰਨ ਕਿਉਂਕਿ ਇੱਥੇ ਅਕਸਰ ਕਈ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਵਪਾਰੀਆਂ ਨੂੰ ਤੰਗ-ਪ੍ਰੇਸ਼ਾਨ ਨਹੀਂ ਕਰ ਰਹੇ ਪਰ ਕਿਸੇ ਨੂੰ ਵੀ ਨਾਜਾਇਜ਼ ਕੰਮ ਨਹੀਂ ਕਰਨ ਦਿੱਤਾ ਜਾਵੇਗਾ।
ਪਟਾਕਿਆਂ ਦੇ ਗੋਦਾਮ ਦੇ ਬਾਹਰ ਇੱਕ ਸਿਆਸੀ ਆਗੂ ਦਾ ਪੋਸਟਰ ਵੀ ਚਿਪਕਾਇਆ ਗਿਆ ਹੈ। ਜਦੋਂ ਇਸ ਬਾਰੇ ਪੁੱਛਿਆ ਤਾਂ ਪੁਲਸ ਕਮਿਸ਼ਨਰ ਨੇ ਕੋਰਾ ਜਵਾਬ ਦਿੰਦਿਆਂ ਕਿਹਾ ਕਿ ਇਹ ਪੋਸਟਰ ਤੁਸੀਂ ਵੀ ਦੇਖਿਆ ਹੈ ਅਤੇ ਅਸੀਂ ਵੀ ਦੇਖਿਆ ਹੈ। ਤੁਸੀਂ ਵੀ ਦੇਖ ਲਓ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਗੈਰ ਕਾਨੂੰਨੀ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਫਿਲਹਾਲ ਸਟੋਰ ਵਿੱਚ ਮੌਜੂਦ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ।