ਪੰਜਾਬ ਵਿਚ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਠੰਡ ਵਧਾ ਦਿੱਤੀ ਹੈ ਤੇ ਰਾਤ ਸਮੇਂ ਸੜਕਾਂ ਉਤੇ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ 27 ਨਵੰਬਰ ਤੋਂ ਇੱਕ ਤਾਜ਼ਾ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਕਾਰਨ ਪੱਛਮੀ ਮਾਲਵੇ ਵਿੱਚ ਪੈਂਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਨੂੰ ਛੱਡ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਨਾਲ ਠੰਡ ਹੋਰ ਜ਼ੋਰ ਫੜੇਗੀ।
ਮੀਂਹ ਨਾਲ ਠੰਡ 'ਚ ਹੋਵੇਗਾ ਵਾਧਾ
ਦੱਸ ਦੇਈਏ ਕਿ ਦਿੱਲੀ ਸਣੇ ਦੇਸ਼ ਦੇ ਕਈ ਸੂਬਿਆਂ 'ਚ ਵੀ ਮੌਸਮ ਦਾ ਮਿਜ਼ਾਜ਼ ਬਦਲ ਰਿਹਾ ਹੈ। ਕੁਝ ਰਾਜਾਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਕੁਝ ਥਾਵਾਂ 'ਤੇ ਬਰਫ਼ਬਾਰੀ ਤੇ ਠੰਡ ਵਧਣ ਵਾਲੀ ਹੈ। ਰਿਪੋਰਟ ਅਨੁਸਾਰ ਰਾਜਸਥਾਨ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਗੜੇਮਾਰੀ ਅਤੇ ਕਈ ਰਾਜਾਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਪੂਰੇ ਉੱਤਰ ਭਾਰਤ 'ਚ ਠੰਡ ਵਧ ਜਾਵੇਗੀ।
ਹਰਿਆਣੇ 'ਚ ਵੀ ਧੁੰਦ ਪੈਣੀ ਸ਼ੁਰੂ
ਹਰਿਆਣਾ 'ਚ ਵੀ ਐਤਵਾਰ ਰਾਤ ਤੋਂ ਮੌਸਮ ਵਿਚ ਵੈਸਟਰਨ ਡਿਸਟਰਬੈਂਸ ਦੇ ਅਸਰ ਕਾਰਨ ਬਦਲਾਅ ਹੋਣ ਵਾਲਾ ਹੈ।ਹਰਿਆਣਾ ਦੇ ਕਈ ਸ਼ਹਿਰਾਂ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਅਤੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਮੌਸਮ ਵਿਭਾਗ ਅਨੁਸਾਰ 28 ਨਵੰਬਰ ਤੋਂ ਹਰਿਆਣਾ 'ਚ ਕੁਝ ਥਾਵਾਂ 'ਤੇ ਮੁੜ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਆਮ ਤੌਰ 'ਤੇ ਖੁਸ਼ਕ ਰਹਿਣ ਵਾਲਾ ਹੈ। ਦੂਜੇ ਪਾਸੇ ਹੁਣ ਹੌਲੀ-ਹੌਲੀ ਹਰਿਆਣੇ ਦੇ ਸ਼ਹਿਰਾਂ ਵਿੱਚ ਵੀ ਧੁੰਦ ਦੀ ਚਿੱਟੀ ਚਾਦਰ ਨਜ਼ਰ ਆ ਰਹੀ ਹੈ ਤੇ ਪਾਰਾ ਹੇਠਾਂ ਖਿਸਕਣਾ ਸ਼ੁਰੂ ਹੋ ਗਿਆ ਹੈ।