ਪੰਜਾਬ ਵਿਚ ਸੰਘਣੀ ਧੁੰਦ ਦੇ ਨਾਲ-ਨਾਲ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਚੱਲ ਰਹੀਆਂ ਸੀਤ ਲਹਿਰਾਂ ਨੇ ਲੋਕਾਂ ਨੂੰ ਕੰਬਣੀ ਛੇੜ ਰੱਖੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਹੋਰ ਠੰਡ ਵਧ ਜਾਣ ਦੀ ਸੰਭਾਵਨਾ ਦੱਸੀ ਹੈ।
ਠੰਡ ਨਾਲ ਗਈਆਂ 4 ਜਾਨਾਂ
ਪੰਜਾਬ 'ਚ ਕੜਾਕੇ ਦੀ ਠੰਡ ਕਾਰਣ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਟਿਆਲਾ 'ਚ 2 ਅਤੇ ਮੋਹਾਲੀ 'ਚ ਇਕ ਤੇ ਗੁਰਦਾਸਪੁਰ 'ਚ ਇਕ ਸਕੂਲੀ ਬੱਚੇ ਦੀ ਠੰਡ ਨਾਲ ਮੌਤ ਹੋ ਗਈ। ਮੌਸਮ ਵਿਭਾਗ ਨੇ ਪੰਜਾਬ 'ਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਲੁਧਿਆਣਾ, ਪਟਿਆਲਾ, ਰੂਪਨਗਰ ਅਤੇ ਸੰਗਰੂਰ ਲਗਾਤਾਰ ਧੁੰਦ ਦੀ ਲਪੇਟ ਵਿਚ ਹਨ।
ਤਾਪਮਾਨ
ਪੰਜਾਬ 'ਚ ਸ਼ਨੀਵਾਰ 6 ਜਨਵਰੀ ਨੂੰ ਵੱਧ ਤੋਂ ਵੱਧ ਤਾਪਮਾਨ 'ਚ 1.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਪਰ ਫਿਰ ਵੀ ਇਹ ਆਮ ਨਾਲੋਂ 7.4 ਡਿਗਰੀ ਘੱਟ ਰਿਹਾ। ਅੰਮ੍ਰਿਤਸਰ 9.2 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਡਾ ਰਿਹਾ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਜ਼ਿਆਦਾਤਰ ਥਾਵਾਂ 'ਤੇ ਸੰਘਣੀ ਧੁੰਦ ਦੀ ਭਵਿੱਖਬਾਣੀ ਕੀਤੀ ਹੈ।
ਅਗਲੇ ਦੋ ਦਿਨਾਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਭਾਗ ਨੇ ਸੋਮਵਾਰ ਤੇ ਮੰਗਲਵਾਰ 8-9 ਜਨਵਰੀ ਨੂੰ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਮੁਤਾਬਕ ਮੀਂਹ ਤੋਂ ਬਾਅਦ ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ ਹੇਠਾਂ ਜਾਣ ਦੀ ਸੰਭਾਵਨਾ ਹੈ। ਮੀਂਹ ਤੋਂ ਬਾਅਦ ਠੰਡ ਦੇ ਹੋਰ ਵਧ ਜਾਣ ਦੇ ਆਸਾਰ ਹਨ