ਪੰਜਾਬ 'ਚ ਠੰਡ ਲਗਾਤਾਰ ਵਧ ਰਹੀ ਹੈ। ਇਸ ਦੇ ਨਾਲ ਹੀ ਧੁੰਦ ਨੇ ਵੀ ਸਮੱਸਿਆ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ ਅੱਠ ਤੋਂ ਨੌਂ ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਹਿਮਾਚਲ 'ਚ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਪੰਜਾਬ ਵਿੱਚ ਠੰਢ ਵਧ ਰਹੀ ਹੈ। 11 ਦਸੰਬਰ ਤੋਂ ਪੰਜਾਬ ਦੇ ਮੌਸਮ ਵਿੱਚ ਹਲਕੀ ਤਬਦੀਲੀ ਆ ਸਕਦੀ ਹੈ।
ਕਿੱਥੇ ਕਿੰਨਾ ਹੈ ਤਾਪਮਾਨ?
ਗੁਰਦਾਸਪੁਰ, ਫਰੀਦਕੋਟ, ਬਰਨਾਲਾ ਦਾ ਘੱਟੋ-ਘੱਟ ਤਾਪਮਾਨ 8.5 ਡਿਗਰੀ ਸੈਲਸੀਅਸ, ਮੋਗਾ 8.6 ਡਿਗਰੀ ਸੈਲਸੀਅਸ, ਲੁਧਿਆਣਾ 8.9 ਡਿਗਰੀ ਸੈਲਸੀਅਸ, ਬਠਿੰਡਾ 9.2 ਡਿਗਰੀ ਸੈਲਸੀਅਸ, ਪਟਿਆਲਾ 9.4 ਡਿਗਰੀ ਸੈਲਸੀਅਸ, ਫਤਿਹਗੜ੍ਹ ਸਾਹਿਬ ਅਤੇ ਫਿਰੋਜ਼ਪੁਰ 9.6 ਡਿਗਰੀ ਸੈਲਸੀਅਸ, ਚੰਡੀਗੜ੍ਹ 11.2 ਡਿਗਰੀ ਸੈਲਸੀਅਸ, ਪਠਾਨਕੋਟ 13 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਪੰਜਾਬ 'ਚ ਮੀਂਹ ਦੀ ਸੰਭਾਵਨਾ
ਪੰਜਾਬ ਵਿੱਚ 10 ਦਸੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। 11 ਦਸੰਬਰ ਤੋਂ ਪੰਜਾਬ ਦੇ ਮੌਸਮ ਵਿੱਚ ਹਲਕੀ ਤਬਦੀਲੀ ਆ ਸਕਦੀ ਹੈ। ਸਰਗਰਮ ਪੱਛਮੀ ਗੜਬੜੀ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਹੋਰ ਘੱਟ ਜਾਵੇਗੀ ਵਿਜ਼ੀਬਿਲਟੀ
ਮੌਸਮ ਵਿਗਿਆਨੀਆਂ ਤੇ ਟ੍ਰੈਫਿਕ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਧੁੰਦ ਵਧਣ ਕਾਰਨ ਪੰਜਾਬ 'ਚ ਵਿਜ਼ੀਬਿਲਟੀ ਹੋਰ ਘਟਣ ਜਾ ਰਹੀ ਹੈ। ਮੰਗਲਵਾਰ ਸਵੇਰੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵਿਜ਼ੀਬਿਲਟੀ ਬਹੁਤ ਘੱਟ ਸੀ। ਅਜਿਹੇ 'ਚ ਡਰਾਈਵਰਾਂ ਨੂੰ ਸਾਵਧਾਨ ਰਹਿਣਾ ਹੋਵੇਗਾ। ਲੰਬੀ ਯਾਤਰਾ 'ਤੇ ਜਾਣ ਤੋਂ ਪਹਿਲਾਂ ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣੀ ਚਾਹੀਦੀ ਹੈ ਕਿ ਇੰਡੀਕੇਟਰ, ਫੋਗ ਲੈਂਪ ਆਦਿ ਕੰਮ ਕਰ ਰਹੇ ਹਨ ਜਾਂ ਨਹੀਂ।