ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨਾਂ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ। ਜਿਸ ਕਾਰਨ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ 4 ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਅੱਜ ਵੀ ਪੰਜਾਬ ਅਤੇ ਹਰਿਆਣਾ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ। ਇਸ ਕਾਰਨ ਕਈ ਥਾਵਾਂ 'ਤੇ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਗਈ।
ਅੱਜ ਮੌਸਮ ਵਿਭਾਗ ਨੇ ਦੋਵਾਂ ਰਾਜਾਂ ਵਿੱਚ ਧੁੰਦ ਦੇ ਨਾਲ ਸੀਤ ਲਹਿਰ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਰਹੇਗਾ। ਗੁਰਦਾਸਪੁਰ, ਤਰਨਤਾਰਨ, ਫ਼ਿਰੋਜ਼ਪੁਰ, ਲੁਧਿਆਣਾ ਤੇ ਪਟਿਆਲਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਹੋਰ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਦੇ ਸੱਤ ਜ਼ਿਲ੍ਹੇ ਧੁੰਦ ਨਾਲ ਪ੍ਰਭਾਵਿਤ
ਦਿਨ ਦਾ ਤਾਪਮਾਨ ਗੁਰਦਾਸਪੁਰ ਵਿੱਚ 9 ਡਿਗਰੀ, ਅੰਮ੍ਰਿਤਸਰ ਵਿੱਚ 10, ਬਠਿੰਡਾ ਵਿੱਚ 10.2, ਨਵਾਂਸ਼ਹਿਰ (ਐਸਬੀਐਸ ਨਗਰ) ਵਿੱਚ 11.2, ਫ਼ਿਰੋਜ਼ਪੁਰ ਵਿੱਚ 11.8, ਮੋਗਾ ਵਿੱਚ 11.7 ਅਤੇ ਰੋਪੜ ਵਿੱਚ 11.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਕਾਈਮੇਟ ਵੈਦਰ ਦੇ ਉਪ ਪ੍ਰਧਾਨ (ਮੌਸਮ ਵਿਗਿਆਨ ਅਤੇ ਜਲਵਾਯੂ ਪਰਿਵਰਤਨ) ਮਹੇਸ਼ ਨੇ ਕਿਹਾ ਕਿ ਇਸ ਵਾਰ ਸਰਦੀ ਥੋੜੀ ਲੰਬੀ ਰਹਿ ਸਕਦੀ ਹੈ। ਸਰਦੀਆਂ ਦੀ ਬਰਫੀਲੀ ਪਕੜ ਉੱਤਰ ਭਾਰਤ 'ਤੇ ਫਿਲਹਾਲ ਬਣੀ ਰਹੇਗੀ।
ਉਡਾਣਾਂ ਵੀ ਹੋ ਰਹੀਆਂ ਪ੍ਰਭਾਵਿਤ
ਅੰਮ੍ਰਿਤਸਰ ਹਵਾਈ ਅੱਡੇ ਤੋਂ ਕਈ ਉਡਾਣਾਂ ਨੇ ਦੇਰੀ ਨਾਲ ਉਡਾਣ ਭਰੀਆਂ। ਮਲੇਸ਼ੀਆ ਜਾਣ ਵਾਲੀ ਫਲਾਈਟ ਵਿੱਚ 20 ਘੰਟੇ ਦੀ ਦੇਰੀ ਹੋਈ। ਦੁਬਈ ਦੀ ਫਲਾਈਟ ਵੀ ਸਾਢੇ ਤਿੰਨ ਘੰਟੇ ਦੇਰੀ ਨਾਲ ਰਵਾਨਾ ਹੋਈ। ਮੰਗਲਵਾਰ ਨੂੰ ਨੰਦੇੜ ਸਾਹਿਬ ਜਾਣ ਵਾਲੀ ਸੱਚਖੰਡ ਐਕਸਪ੍ਰੈਸ ਅਤੇ ਅੰਮ੍ਰਿਤਸਰ-ਜਯਾਨਗਰ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਧੁੰਦ ਕਾਰਨ ਚੰਡੀਗੜ੍ਹ ਹਵਾਈ ਅੱਡੇ ਤੋਂ ਪੰਜ ਉਡਾਣਾਂ ਰੱਦ ਕਰਨੀਆਂ ਪਈਆਂ।