ਖਬਰਿਸਤਾਨ ਨੈੱਟਵਰਕ- ਮੋਗਾ ਵਿਚ ਅੱਜ ਦਿਨ-ਦਿਹਾੜੇ ਵੱਡੀ ਵਾਰਦਾਤ ਹੋ ਗਈ, ਜਿਥੇ ਕਿ ਹਥਿਆਰਾਂ ਨਾਲ ਲੈਸ ਹੋ ਕੇ ਆਏ ਹਮਲਾਵਰਾਂ ਨੇ ਇਕ ਨਰਸਿੰਗ ਹੋਮ ਵਿਚ ਵੜ ਕੇ ਡਾਕਟਰ ਨੂੰ ਗੋਲੀਆਂ ਮਾਰ ਦਿੱਤੀਆਂ। ਮਾਮਲਾ ਜ਼ਿਲ੍ਹੇ ਦੇ ਕਸਬਾ ਕੋਟ ਇਸੇ ਖਾਂ ਵਿਖੇ ਹਰਬੰਸ ਨਰਸਿੰਗ ਹੋਮ ਦਾ ਹੈ, ਜਿਥੇ ਦਿਨ-ਦਿਹਾੜੇ ਅਣਪਛਾਤੇ ਵਿਅਕਤੀਆਂ ਨੇ ਡਾਕਟਰ ਨੂੰ ਗੋਲੀਆਂ ਮਾਰੀਆਂ।
ਮਰੀਜ਼ ਬਣ ਕੇ ਆਏ ਹਮਲਾਵਰ
ਵਾਰਦਾਤ ਤੋਂ ਬਾਅਦ ਡਾਕਟਰ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਮਲਾਵਰ ਅੰਨੇ ਵਾਹ ਫਾਇਰਿੰਗ ਕਰ ਕੇ ਮੌਕੇ ਤੋਂ ਫਰਾਰ ਹੋ ਗਏ। ਨਰਸਿੰਗ ਹੋਮ ਵਿੱਚ ਡਾਕਟਰ ਅਨਿਲਜੀਤ ਕੰਬੋਜ (55) ਦੇ ਤਿੰਨ ਗੋਲੀਆਂ ਵੱਜੀਆਂ। ਦੱਸਿਆ ਜਾ ਰਿਹਾ ਹੈ ਕਿ ਉਕਤ ਹਮਲਾਵਰ ਮਰੀਜ਼ ਬਣ ਕੇ ਨਰਸਿੰਗ ਹੋਮ ਆਏ ਸਨ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਡਾਕਟਰ ਨੂੰ ਪਹਿਲਾਂ ਮਿਲੀਆਂ ਸਨ ਧਮਕੀਆਂ
ਜਾਣਕਾਰੀ ਅਨੁਸਾਰ ਡਾਕਟਰ ਅਨਿਲਜੀਤ ਕੰਬੋਜ ਨੂੰ ਪਹਿਲਾਂ ਧਮਕੀਆਂ ਮਿਲ ਚੁੱਕੀਆਂ ਹਨ। ਪੁਲਿਸ ਮੌਕੇ ’ਤੇ ਨਰਸਿੰਗ ਹੋਮ ਪੁੱਜੀ ਹੋਈ ਹੈ, ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਕੈਮਰੇ ਖੰਗਾਲੇ ਜਾ ਰਹੇ ਹਨ।