ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕਰਨ ਵਾਲੇ ਦੀਵਾਨ ਟੋਡਰ ਮੱਲ ਸਿੱਖ ਇਤਿਹਾਸ ਦੇ ਉਹ ਮਹਾਨ ਸ਼ਖਸੀਅਤ ਹਨ, ਜਿਨ੍ਹਾਂ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਸੰਸਾਰ ਦੀ ਸਭ ਤੋਂ ਮਹਿੰਗੀ ਜ਼ਮੀਨ ਖ਼ਰੀਦੀ।
ਦੀਵਾਨ ਟੋਡਰ ਮੱਲ ਜੀ ਨੂੰ ਇਨ੍ਹਾਂ ਸ਼ਹੀਦੀ ਹਫ਼ਤਿਆਂ ਦੌਰਾਨ ਬੜੀ ਸ਼ਰਧਾ ਭਾਵਨਾ ਨਾਲ ਯਾਦ ਕਰਨਾ ਬਣਦਾ ਹੈ। ਜਿਵੇਂ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖ਼ਾਨ ਨੇ ਸਾਹਿਬਜ਼ਾਦਿਆਂ ਲਈ 'ਹਾਅ ਦਾ ਨਾਅਰਾ' ਮਾਰਿਆ ਸੀ ਤੇ ਸਿੱਖ ਕੌਮ ਅੱਜ ਵੀ ਉਨ੍ਹਾਂ ਸਤਿਕਾਰ ਦਿੰਦੀ ਹੈ। ਦੀਵਾਨ ਟੋਡਰ ਮੱਲ ਨੇ ਵੀ ਬੜੇ ਮਹਿੰਗੇ ਮੁੱਲ ਦੀ ਜ਼ਮੀਨ ਖ਼ਰੀਦ ਕੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦਾ ਸਸਕਾਰ ਕੀਤਾ ਸੀ,।ਜਿਸ ਨੂੰ ਦੁਨੀਆ ਦੀ ਸਭ ਤੋਂ ਮਹਿੰਗੇ ਮੁੱਲ ਦੀ ਜ਼ਮੀਨ ਆਖਿਆ ਜਾਂਦਾ ਹੈ।
ਦੀਵਾਨ ਟੋਡਰ ਮੱਲ ਬਹੁਤ ਭਲੇ ਤੇ ਨੇਕ ਦਿਲ ਇਨਸਾਨ ਸਨ। ਪਰਮਾਤਮਾ ਦੇ ਭੈਅ ਵਿਚ ਰਹਿਣ ਵਾਲੇ ਦੀਵਾਨ ਟੋਡਰ ਮੱਲ ਪ੍ਰਤੀ ਇਤਿਹਾਸ 'ਚ ਬਹੁਤ ਘੱਟ ਜ਼ਿਕਰ ਮਿਲਦਾ ਹੈ ਅਤੇ ਜੋ ਮਿਲਦਾ ਵੀ ਹੈ, ਉਸ ਨਾਲ ਵਿਦਵਾਨ ਇਕਮੱਤ ਨਹੀਂ ਹਨ। ਕਈ ਇਤਿਹਾਸਕਾਰ ਦੀਵਾਨ ਟੋਡਰ ਮੱਲ ਨੂੰ ਅਕਬਰ ਬਾਦਸ਼ਾਹ ਦਾ ਸਮਕਾਲੀ ਦੱਸਦੇ ਹਨ ਤੇ ਕਈ ਬਾਦ ਵਿਚ ਦੂਜਾ ਟੋਡਰ ਮੱਲ ਹੋਇਆ ਮੰਨਦੇ ਹਨ। ਗੱਲ ਕੁਝ ਹੱਦ ਤਕ ਠੀਕ ਵੀ ਹੈ ਕਿਉਂਕਿ ਅਕਬਰ ਬਾਦਸ਼ਾਹ ਤੋਂ ਔਰੰਗਜ਼ੇਬ ਤਕ ਦਾ ਸ਼ਾਸਨ ਕਾਲ ਜ਼ਿਆਦਾ ਲੰਬਾ ਹੈ।
ਪਰ ਇਸ ਟੋਡਰ ਮੱਲ ਦਾ ਦੇਹਾਂਤ ਉਹ ਸੰਨ 1589 ਵਿਚ ਹੋਇਆ ਵੀ ਦੱਸਦੇ ਹਨ, ਨਾਲ ਹੀ ਲਿਖਦੇ ਹਨ ਕਿ ਸਰਹਿੰਦ ਦਾ ਵਸਨੀਕ ਇਕ ਸ਼ਾਹੂਕਾਰ, ਜਿਸ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਪਿੱਛੋਂ ਮਾਤਾ ਗੁਜਰੀ ਜੀ ਦੀ ਸੇਵਾ ਕੀਤੀ ਅਤੇ ਧੀਰਜ ਦਿੱਤਾ। ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਇਸੇ ਨੇ ਕੀਤਾ ਸੀ।।ਅੱਗੇ ਸਭ ਤੋਂ ਪੁਰਾਣੀ ਤੇ ਸ਼ਾਇਦ ਸਾਕਾ ਸਰਹਿੰਦ ਬਾਰੇ ਪਹਿਲੀ ਲਿਖਤ 'ਕਥਾ ਗੁਰੂ ਜੀ ਕੇ ਸੁਤਨ ਕੀ', ਕ੍ਰਿਤ ਭਾਈ ਦੁੱਨਾ ਸਿੰਘ ਹੰਡੂਰੀਆ, ਜੋ ਆਪਣੇ ਆਪ ਨੂੰ ਉਸ ਵੇਲੇ ਦਾ ਚਸ਼ਮਦੀਦ ਗਵਾਹ ਦੱਸਦੇ ਹਨ ਤੇ ਅੱਖੀਂ ਡਿੱਠਾ ਹਾਲ ਬਿਆਨਦੇ ਹਨ।
ਪ੍ਰਸਿੱਧ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਸੀਤਲ ਵੀ ਲਿਖਦੇ ਹਨ ਕਿ ਸਰਹਿੰਦ ਦੇ ਜੌਹਰੀ ਟੋਡਰ ਮੱਲ ਨੇ ਨਵਾਬ ਵਜ਼ੀਰ ਖ਼ਾਂ ਪਾਸੋਂ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕਰਨ ਦੀ ਆਗਿਆ ਮੰਗੀ। ਨਵਾਬ ਨੇ ਕਿਹਾ ਕਿ 'ਜ਼ਮੀਨ ਮੁੱਲ ਲੈ ਕੇ ਸਸਕਾਰ ਕਰ ਸਕਦੇ ਹੋ ਤੇ ਉਹ ਵੀ ਸੋਨੇ ਦੀਆਂ ਮੋਹਰਾਂ ਖੜ੍ਹੇ ਰੁਖ਼ ਕਰਕੇ ਵਿਛਾਉਣੀਆਂ ਪੈਣਗੀਆਂ।'
ਟੋਡਰ ਮੱਲ ਨੇ ਸੂਬੇ ਦੀ ਇਹ ਸ਼ਰਤ ਵੀ ਪੂਰੀ ਕਰ ਦਿੱਤੀ। ਉਨ੍ਹਾਂ ਨੇ ਖੜ੍ਹੇ ਰੁਖ਼ ਸੋਨੇ ਦੀਆ ਮੋਹਰਾਂ ਵਿਛਾ ਕੇ ਅੰਗੀਠੇ ਜੋਗੀ ਥਾਂ ਪ੍ਰਾਪਤ ਕੀਤੀ ਤੇ ਅਗਲੇ ਦਿਨ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ। ਉਸ ਥਾਂ 'ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ।