ਖਬਰਿਸਤਾਨ ਨੇਟਵਰਕ। ਲੁਧਿਆਣਾ ਦੇ ਸਾਊਥ ਸਿਟੀ ਇਲਾਕੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਨਸ਼ੇ ਵਿੱਚ ਟੱਲੀ ਹੋਏ ਕੁਝ ਨੌਜਵਾਨਾਂ ਨੇ ਰੈਸਟੋਰੈਂਟ ਤੋਂ ਖਾਣਾ ਖਾਣ ਆਈ ਮੁਟਿਆਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਬਦਸਲੂਕੀ ਕੀਤੀ । ਨਸ਼ੇ ਵਿੱਚ ਟੱਲੀ ਹੋਏ ਨੌਜਵਾਨਾਂ ਨੇ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸ ਦੀ ਕਾਰ ਉਪਰ ਬੋਤਲ ਮਾਰ ਕੇ ਸ਼ੀਸ਼ਾ ਤੋਡ਼ ਦਿੱਤਾ । ਇਸ ਮਾਮਲੇ ਵਿਚ ਥਾਣਾ ਪੀਏਯੂ ਦੀ ਪੁਲਿਸ ਨੇ ਗੁਰੂ ਅਰਜਨ ਦੇਵ ਨਗਰ ਚੰਡੀਗੜ੍ਹ ਰੋਡ ਦੀ ਰਹਿਣ ਵਾਲੀ ਲੜਕੀ ਦੇ ਬਿਆਨ ਉੱਪਰ ਮਾਡਲ ਟਾਊਨ ਦੇ ਵਾਸੀ ਚਰਨਪ੍ਰੀਤ ਸਿੰਘ ,ਅਰਸ਼ਦੀਪ ਸਿੰਘ ਤੇ ਬਲਤੇਜ ਸਿੰਘ ਮਿੱਡਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ।
ਲੜਕੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਖਾਣਾ ਖਾਣ ਲਈ ਰਾਤ ਦੱਸ ਵਜੇ ਦੇ ਕਰੀਬ ਸਾਊਥ ਸਿਟੀ ਇਲਾਕੇ ਵਿੱਚ ਆਈ ਸੀ । ਰੈਸਟੋਰੈਂਟ ਵਿਚ ਪਹਿਲਾਂ ਤੋਂ ਹੀ ਸ਼ਰਾਬੀ ਹਾਲਤ ਵਿਚ ਕੁਝ ਨੌਜਵਾਨ ਬੈਠੇ ਹੋਏ ਸਨ ।ਮਨਚਲੇ ਨੌਜਵਾਨਾਂ ਨੇ ਲੜਕੀ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਜਦ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਮੁਲਜ਼ਮਾਂ ਨੇ ਗਾਲੀ ਗਲੋਚ ਕਰਕੇ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਬੇਖ਼ੌਫ਼ ਨੌਜਵਾਨਾਂ ਨੇ ਪੂਰੀ ਹੁੱਲੜਬਾਜ਼ੀ ਕੀਤੀ ।
ਲੋਕਾਂ ਦੇ ਦਖਲ ਤੇ ਮਾਮਲਾ ਸ਼ਾਂਤ ਹੋਇਆ
ਲੋਕਾਂ ਦੀ ਦਖਲ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ, ਇਸੇ ਦੌਰਾਨ ਜਦੋਂ ਲੜਕੀ ਅਤੇ ਉਸ ਦੇ ਪਰਿਵਾਰਕ ਮੈਂਬਰ ਕਾਰ ਵਿੱਚ ਬੈਠ ਕੇ ਘਰ ਵਾਪਸ ਪਰਤਣ ਲੱਗੇ ਤਾਂ ਮੁਲਜ਼ਮਾਂ ਨੇ ਬੀਅਰ ਦੀ ਬੋਤਲ ਮਾਰ ਕੇ ਕਾਰ ਦਾ ਸ਼ੀਸ਼ਾ ਤੋਡ਼ ਦਿੱਤਾ । ਬੋਤਲ ਦਾ ਕੱਚ ਸ਼ਿਕਾਇਤਕਰਤਾ ਦੀ ਭੈਣ ਨੂੰ ਲੱਗਿਆ ਜਿਸ ਕਾਰਨ ਉਹ ਫੱਟੜ ਹੋ ਗਈ ।
ਇਸ ਮਾਮਲੇ ਵਿਚ ਜਾਣਕਾਰੀ ਮਿਲਦੇ ਸਾਰ ਹੀ ਥਾਣਾ ਪੀਏਯੂ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਲੜਕੀ ਦੇ ਬਿਆਨ ਉਪਰ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕੀਤਾ ।ਜਾਂਚ ਅਧਿਕਾਰੀ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਐੱਫ ਆਈ ਆਰ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ । ਜਲਦੀ ਹੀ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇਗਾ ।