ਜਲੰਧਰ ਦੇ ਗੁਜਰਾਲ ਨਗਰ 'ਚ ਦੇਰ ਰਾਤ ਐਡਵੋਕੇਟ ਗੁਰਮੋਹਨ ਸਿੰਘ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ 'ਚ ਪੁਲਸ ਨੇ 6 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਿਸ ਵਿੱਚ ਪੁਲਿਸ ਨੇ ਸੇਵਾਮੁਕਤ ਜੱਜ, ਸੇਵਾਮੁਕਤ ਤਹਿਸੀਲਦਾਰ, ਐਨਆਰਆਈ ਪਿਉ-ਪੁੱਤ ਸਮੇਤ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਐਫਆਈਆਰ ਵਿੱਚ ਦੋ ਅਣਪਛਾਤੇ ਲੋਕ ਵੀ ਸ਼ਾਮਲ ਹਨ। ਇਹ ਐਫਆਈਆਰ ਪੁਲੀਸ ਨੇ ਐਡਵੋਕੇਟ ਗੁਰਮੋਹਨ ਸਿੰਘ ਦੇ ਬਿਆਨਾਂ ’ਤੇ ਦਰਜ ਕੀਤੀ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ 'ਚ ਲਗਾਏ ਗੰਭੀਰ ਦੋਸ਼
ਐਡਵੋਕੇਟ ਗੁਰਮੋਹਨ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਦੋਸ਼ ਲਾਇਆ ਹੈ ਕਿ ਉਸ ’ਤੇ ਸੇਵਾਮੁਕਤ ਸੈਸ਼ਨ ਜੱਜ ਕਿਸ਼ੋਰ ਕੁਮਾਰ, ਸੇਵਾਮੁਕਤ ਤਹਿਸੀਲਦਾਰ ਮਨੋਹਰ ਲਾਲ ਅਤੇ ਐਨਆਰਆਈ ਬਲਰਾਜ ਪਾਲ ਦੁਸਾਂਝ, ਉਸ ਦੇ ਪੁੱਤਰ ਲਤਿੰਦਰ ਸਿੰਘ ਨੇ ਫਾਇਰਰਿੰਗ ਕਰਵਾਈ। ਉਸ ਨੇ ਇਹ ਵੀ ਦੱਸਿਆ ਕਿ ਕੈਨੇਡਾ ਰਹਿੰਦੇ ਉਸ ਦੇ ਦੋਸਤ ਅਮਰਪ੍ਰੀਤ ਸਿੰਘ ਔਲਖ ਦਾ ਬਲਰਾਜ ਪਾਲ ਦੁਸਾਂਝ, ਉਸ ਦੇ ਲੜਕੇ ਲਤਿੰਦਰ ਸਿੰਘ ਉਰਫ ਡੈਨੀ ਅਤੇ ਬੇਟੀ ਨਿਸ਼ਵੰਤ ਉਰਫ ਨਿਸ਼ੀ ਨਾਲ ਜਾਇਦਾਦ ਦਾ ਝਗੜਾ ਚੱਲ ਰਿਹਾ ਹੈ।
ਕਾੱਲ ਕਰ ਕਿਹਾ - ਕੇਸ ਦੀ ਪੈਰਵੀ ਨਾ ਕਰੋ ਨਹੀਂ ਤਾਂ ਨਤੀਜੇ ਭੁਗਤਣੇ ਪੈਣਗੇ
ਇਸ ਕੇਸ 'ਚ ਗੁਰਮੋਹਰ ਸਿੰਘ ਪਿਛਲੇ ਤਿੰਨ ਮਹੀਨਿਆਂ ਤੋਂ ਵਕਾਲਤ ਕਰ ਰਹੇ ਹਨ। 19 ਅਗਸਤ ਨੂੰ ਉਸ ਨੂੰ ਧਮਕੀ ਭਰਿਆ ਕਾਲ ਵੀ ਆਇਆ ਸੀ ਜਿਸ ਵਿਚ ਉਸ ਨੂੰ ਕਿਹਾ ਗਿਆ ਸੀ ਕਿ ਉਹ ਕੇਸ ਦੀ ਪੈਰਵੀ ਨਾ ਕਰੇ ਨਹੀਂ ਤਾਂ ਉਸ ਨੂੰ ਖ਼ਤਰਨਾਕ ਨਤੀਜੇ ਭੁਗਤਣੇ ਪੈਣਗੇ। ਬਲਰਾਜ ਪਾਲ ਦੁਸਾਂਝ ਉਸਦੀ ਭੈਣ ਹੈ ਅਤੇ ਪ੍ਰਤਾਪਪੁਰਾ ਦੀ ਜਾਇਦਾਦ ਉਸਦੀ ਅਤੇ ਉਸਦੇ ਬੱਚਿਆਂ ਦੀ ਹੈ।
ਅਣਪਛਾਤੇ ਵਿਅਕਤੀ ਨੇ ਘਰ ਦੇ ਬਾਹਰ ਕੀਤੀ ਫਾਇਰਰਿੰਗ
ਐਡਵੋਕੇਟ ਗੁਰਮੋਹਨ ਨੇ ਆਪਣੇ ਬਿਆਨਾਂ 'ਚ ਕਿਹਾ ਕਿ ਉਸ ਨੂੰ ਧਮਕੀਆਂ ਦੇਣ 'ਚ ਬਲਰਾਜਪਾਲ ਦੁਸਾਂਝ, ਉਸ ਦੇ ਬੱਚੇ ਡੈਨੀ, ਨਿਸ਼ੀ, ਕਿਸ਼ੋਰ ਕੁਮਾਰ ਅਤੇ ਮਨੋਹਰ ਲਾਲ ਦਾ ਹੱਥ ਹੈ। ਬੀਤੀ ਰਾਤ ਜਦੋਂ ਅਸੀਂ ਘਰੋਂ ਬਾਹਰ ਆਏ ਤਾਂ ਦੇਖਿਆ ਕਿ ਗੋਲੀਆਂ ਦੇ ਨਿਸ਼ਾਨ ਸਨ। ਜਿਸ ਤੋਂ ਬਾਅਦ ਐਡਵੋਕੇਟ ਗੁਰਮੋਹਨ ਨੇ ਸੀਸੀਟੀਵੀ 'ਚ ਦੇਖਿਆ ਕਿ ਇਕ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਫਾਇਰਿੰਗ ਕਰ ਰਿਹਾ ਸੀ ਅਤੇ ਦੂਜਾ ਮੋਟਰਸਾਈਕਲ 'ਤੇ ਬੈਠ ਕੇ ਇਸ ਘਟਨਾ ਦੀ ਵੀਡੀਓ ਬਣਾ ਰਿਹਾ ਸੀ।
ਫੋਨ ਕਰ ਧਮਕਾਇਆ
ਇਸ ਘਟਨਾ ਤੋਂ ਬਾਅਦ ਉਸ ਨੂੰ ਫਿਰ ਫੋਨ ਆਇਆ ਅਤੇ ਧਮਕੀ ਦਿੱਤੀ ਗਈ। ਐਡਵੋਕੇਟ ਗੁਰਮੋਹਨ ਨੇ ਦੋਸ਼ ਲਾਇਆ ਕਿ ਉਪਰੋਕਤ ਸਾਰੇ ਵਿਅਕਤੀਆਂ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਹਨ ਤਾਂ ਜੋ ਉਹ ਅਮਰਪ੍ਰੀਤ ਔਲਖ ਦੇ ਕੇਸ ਦਾ ਪੈਰਵੀ ਨਾ ਕਰ ਸਕਣ। ਕਮਿਸ਼ਨਰੇਟ ਪੁਲਿਸ ਨੇ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।