ਖ਼ਬਰਿਸਤਾਨ ਨੈੱਟਵਰਕ- ਪੰਜਾਬ ED ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦੇ ਨਾਂ 'ਤੇ ਫੇਸਬੁੱਕ 'ਤੇ ਇੱਕ ਅਣਪਛਾਤੇ ਵਿਅਕਤੀ ਨੇ ਇੱਕ ਫਰਜ਼ੀ ਅਕਾਊਂਟ ਬਣਾ ਲਿਆ, ਜਿਸ ਕਾਰਨ ਉਨ੍ਹਾਂ ਨੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਨਿਰੰਜਨ ਸਿੰਘ ਨੇ ਆਪਣੇ ਅਧਿਕਾਰਤ ਫੇਸਬੁੱਕ ਅਕਾਊਂਟ 'ਤੇ ਪੋਸਟ ਕਰਦੇ ਹੋਏ ਸਪੱਸ਼ਟ ਕੀਤਾ ਕਿ ਉਨ੍ਹਾਂ ਕੋਲ ਸਿਰਫ਼ ਇੱਕ ਹੀ ਫੇਸਬੁੱਕ ਆਈਡੀ ਹੈ, ਇਹ ਨਵੀਂ ਆਈ ਡੀ ਕਿਸੇ ਸ਼ਰਾਰਤੀ ਅਨਸਰ ਵਲੋਂ ਫੇਕ ਬਣਾਈ ਗਈ ਹੈ।
ਫੇਕ ਅਕਾਊਂਟ ਨੂੰ ਬਲਾਕ ਕਰਨ ਦੀ ਕੀਤੀ ਬੇਨਤੀ
ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਨਵੀਂ ਆਈਡੀ ਤੋਂ ਆਉਣ ਵਾਲੀ ਰਿਕੁਐਸਟ ਨੂੰ ਅਕਸੈਪਟ ਨਾ ਕਰਨ ਕਿਉਂਕਿ ਇਹ ਜਾਅਲੀ ਹੈ। ਉਨ੍ਹਾਂ ਅਜਿਹੇ ਅਕਾਊਂਟ ਨੂੰ ਬਲਾਕ ਕਰਨ ਅਤੇ ਰਿਪੋਰਟ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜਾਅਲੀ ਅਕਾਊਂਟ ਬਣਾਉਣ ਵਾਲਾ ਵਿਅਕਤੀ ਉਨ੍ਹਾਂ ਦੀ ਪਛਾਣ ਦੀ ਦੁਰਵਰਤੋਂ ਕਰ ਰਿਹਾ ਹੈ।
6 ਹਜ਼ਾਰ ਕਰੋੜ ਦੇ ਡਰੱਗ ਮਾਮਲੇ ਦੀ ਜਾਂਚ ਦੌਰਾਨ ਸੁਰਖੀਆਂ ਵਿੱਚ ਆਏ
ਨਿਰੰਜਨ ਸਿੰਘ ਜਲੰਧਰ ਦੇ ਰਹਿਣ ਵਾਲੇ ਹਨ ਅਤੇ 6 ਹਜ਼ਾਰ ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਮਾਮਲੇ ਦੀ ਜਾਂਚ ਦੌਰਾਨ ਸੁਰਖੀਆਂ ਵਿੱਚ ਆਏ ਸਨ। ਈਡੀ ਵਿੱਚ ਡਿਪਟੀ ਡਾਇਰੈਕਟਰ ਹੁੰਦਿਆਂ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਦੌਰਾਨ ਇਸ ਮਾਮਲੇ ਵਿੱਚ ਸੀਨੀਅਰ ਅਕਾਲੀ ਆਗੂ ਅਤੇ ਉਸ ਸਮੇਂ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਕਈ ਵੱਡੇ ਆਗੂਆਂ ਤੋਂ ਪੁੱਛਗਿੱਛ ਕੀਤੀ ਸੀ।