ਕਪੂਰਥਲਾ 'ਚ ਅੱਜ ਸਵੇਰੇ ਬੱਸ ਸਟੈਂਡ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਤਲਵੰਡੀ ਚੌਧਰੀਆਂ ਦਾ ਰਹਿਣ ਵਾਲਾ ਸੀ, ਉਹ ਕਿਸੇ ਨਿੱਜੀ ਕੰਮ ਲਈ ਘਰੋਂ ਮੋਟਰਸਾਈਕਲ 'ਤੇ ਨਿਕਲਿਆ ਸੀ। ਪਰ ਜਿਵੇਂ ਹੀ ਨੌਜਵਾਨ ਪਰਵੇਜ਼ ਨਗਰ ਅੱਡੇ ਉਤੇ ਪਹੁੰਚਿਆ ਤਾਂ ਇਕ ਸਕੂਲ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਜਿਸ ਕਾਰਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਹੋਣ ਤੋਂ ਬਾਅਦ ਨੌਜਵਾਨ ਕਾਫੀ ਦੇਰ ਤੱਕ ਸੜਕ 'ਤੇ ਤੜਫਦਾ ਰਿਹਾ। ਸਥਾਨਕ ਲੋਕਾਂ ਵੱਲੋਂ ਕਈ ਵਾਰ ਐਂਬੂਲੈਂਸ ਬੁਲਾਈ ਗਈ ਅਤੇ ਉੱਥੋਂ ਲੰਘ ਰਹੇ ਰੋਡ ਸੇਫਟੀ ਫੋਰਸ ਦੇ ਮੁਲਾਜ਼ਮਾਂ ਨੂੰ ਵੀ ਪਿੰਡ ਵਾਸੀਆਂ ਵੱਲੋਂ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਉਣ ਲਈ ਕਿਹਾ ਗਿਆ ਪਰ ਰੋਡ ਸੇਫਟੀ ਫੋਰਸ ਦੇ ਮੁਲਾਜ਼ਮਾਂ ਨੇ ਸਾਫ ਇਨਕਾਰ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਚਲਾਨ ਕੱਟਣਾ ਹੈ ਪਰ ਇਸ ਤੋਂ ਬਾਅਦ ਜਦੋਂ ਪਿੰਡ ਵਾਸੀਆਂ ਨੇ ਰੋਡ ਸੇਫਟੀ ਫੋਰਸ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਤਾਂ ਉਹ ਜ਼ਖਮੀ ਨੂੰ ਸਿਵਲ ਹਸਪਤਾਲ ਕਪੂਰਥਲਾ ਲੈ ਗਏ ਪਰ ਨੌਜਵਾਨ ਦੀ ਮੌਤ ਹੋ ਗਈ।