ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ 'ਤੇ ਕਬਜ਼ੇ ਦੇ ਵਿਵਾਦ ਨੂੰ ਲੈ ਕੇ ਅੱਜ ਸਵੇਰੇ 23 ਨਵੰਬਰ ਨੂੰ ਨਿਹੰਗਾਂ ਅਤੇ ਪੁਲਸ ਵਿਚਾਲੇ ਗੋਲੀਬਾਰੀ ਹੋਈ। ਗੋਲੀ ਲੱਗਣ ਨਾਲ ਇੱਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ। ਪੰਜਾਬ ਪੁਲਸ ਦੇ ਡੀਐਸਪੀ ਸਮੇਤ ਦਸ ਤੋਂ ਵੱਧ ਪੁਲਸ ਮੁਲਾਜ਼ਮ ਜ਼ਖ਼ਮੀ ਹੋਏ ਹਨ।
2 ਦਿਨਾਂ ਤੋਂ ਗੁਰਦੁਆਰੇ ਦੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਬੁੱਧਵਾਰ ਰਾਤ ਨੂੰ ਪੁਲਸ ਨੇ ਕਬਜ਼ਾ ਕਰਨ ਦੇ ਦੋਸ਼ 'ਚ ਕੁਝ ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਐਫਆਈਆਰ ਦਰਜ ਕੀਤੀ। ਪੁਲਸ ਨੇ 10 ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਕੁਝ ਹੋਰ ਦੇ ਨਾਮ ਐਫਆਈਆਰ ਵਿੱਚ ਸ਼ਾਮਲ ਕੀਤੇ ਗਏ ਸਨ। ਪੁਲਸ ਦੋਸ਼ੀ ਨਿਹੰਗਾਂ ਨੂੰ ਗ੍ਰਿਫਤਾਰ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚੀ ਸੀ। ਇਸ ਦੌਰਾਨ ਨਿਹੰਗਾਂ ਨੇ ਪੁਲਸ 'ਤੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ।
2 ਗੁੱਟਾਂ ਵਿਚ ਹੋਇਆ ਆਪਸੀ ਵਿਵਾਦ
ਗੁਰਦੁਆਰਾ ਅਕਾਲ ਬੁੰਗਾ ਵਿੱਚ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਕਾਬਜ਼ ਸਨ। ਉਨ੍ਹਾਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਬਾਬਾ ਨਿਰਵੈਰ ਸਿੰਘ ਢਿੱਲੋਂ ਨੂੰ ਦਿੱਤੀ ਸੀ। ਮੰਗਲਵਾਰ ਸਵੇਰੇ 8.30 ਵਜੇ ਬਾਬਾ ਬੁੱਢਾ ਦਲ ਤੋਂ ਵੱਖ ਹੋਏ ਧੜੇ ਦੇ ਆਗੂ ਸੰਤ ਬਾਬਾ ਮਾਨ ਸਿੰਘ 15-20 ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿੱਚ ਜ਼ਬਰਦਸਤੀ ਦਾਖ਼ਲ ਹੋ ਗਏ।
ਦੋਸ਼ ਹੈ ਕਿ ਉਨ੍ਹਾਂ ਨੇ ਸੇਵਾਦਾਰਾਂ ਤੋਂ ਹਥਿਆਰ, ਮੋਬਾਈਲ ਫ਼ੋਨ ਅਤੇ ਪੈਸੇ ਖੋਹ ਕੇ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰ ਲਿਆ। ਸੇਵਾਦਾਰ ਜਗਜੀਤ ਸਿੰਘ ਦੇ ਬਿਆਨਾਂ 'ਤੇ ਬਾਬਾ ਮਾਨ ਸਿੰਘ ਅਤੇ ਉਨ੍ਹਾਂ ਦੇ 15-20 ਸਾਥੀਆਂ ਖਿਲਾਫ ਥਾਣਾ ਸੁਲਤਾਨਪੁਰ ਲੋਧੀ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।
10 ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਗਿਆ
ਬੁੱਧਵਾਰ ਰਾਤ ਨੂੰ ਮਾਨ ਸਿੰਘ ਗੁੱਟ ਦੇ 10 ਸੇਵਾਦਾਰਾਂ (ਨਿਹੰਗਾਂ) ਨੇ ਪਿੰਡ ਬੁਸੋਵਾਲ ਰੋਡ ਨੇੜੇ ਬਾਬਾ ਬਲਬੀਰ ਸਿੰਘ ਦੇ ਦੂਜੇ ਡੇਰੇ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਸ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ 10 ਨਿਹੰਗਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਵਿੱਚ 15 ਮਈ 2020 ਨੂੰ ਦੋ ਧੜਿਆਂ ਵਿੱਚ ਹੋਏ ਝੜਪ ਵਿੱਚ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੇਸ ਵਿੱਚ ਲੋੜੀਂਦੇ ਮੁਲਜ਼ਮ ਵੀ ਸ਼ਾਮਲ ਹਨ।
ਇਹ ਪੁਲਸ ਮੁਲਾਜ਼ਮ ਜ਼ਖ਼ਮੀ ਹੋਏ
ਸੁਲਤਾਨਪੁਰ ਲੋਧੀ ਦੇ ਐਸਐਚਓ ਲਖਵਿੰਦਰ ਸਿੰਘ ਅਨੁਸਾਰ ਪੁਲਸ ਮੁਲਾਜ਼ਮ ਜਸਪਾਲ ਸਿੰਘ ਦੀ ਮੌਤ ਹੋ ਗਈ। ਡੀਐਸਪੀ ਭੁਲੱਥ ਭਾਰਤ ਭੂਸ਼ਨ ਸੈਣੀ, ਏਐਸਆਈ ਸੁਖਦੇਵ ਸਿੰਘ, ਕਾਂਸਟੇਬਲ ਬੱਬਲਪ੍ਰੀਤ ਸਿੰਘ, ਏਐਸਆਈ ਅਸ਼ੋਕ ਕੁਮਾਰ, ਏਐਸਆਈ ਗੁਰਮੀਤ ਸਿੰਘ, ਸੁਰਿੰਦਰ ਸਿੰਘ, ਅਮਨਦੀਪ ਸਿੰਘ, ਹਰਭਜਨ ਸਿੰਘ, ਰਮਨਦੀਪ ਸਿੰਘ ਅਤੇ ਹਰਜਿੰਦਰ ਸਿੰਘ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦਾਖਲ ਕਰਵਾਇਆ ਗਿਆ ਹੈ।
ਕਬਜ਼ਾ ਛੁਡਾਉਣ ਦੀ ਪ੍ਰਕਿਰਿਆ ਜਾਰੀ
ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਗੁਰਦੁਆਰੇ ਨੂੰ ਖਾਲੀ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 30 ਨਿਹੰਗ ਅਜੇ ਵੀ ਗੁਰਦੁਆਰੇ ਦੇ ਅੰਦਰ ਹਨ। ਕਪੂਰਥਲਾ ਦੇ ਡੀ ਸੀ ਕੈਪਟਨ ਕਰਨੈਲ ਸਿੰਘ, ਆਈਜੀ ਜਲੰਧਰ ਰੇਂਜ ਐਸ ਭੂਪਤੀ, ਐਸਐਸਪੀ ਵਤਸਲਾ ਗੁਪਤਾ ਅਤੇ ਹੋਰ ਉੱਚ ਅਧਿਕਾਰੀ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਵਿਖੇ ਮੀਟਿੰਗ ਕਰ ਰਹੇ ਹਨ।