ਖਬਰਿਸਤਾਨ ਨੈੱਟਵਰਕ-ਅੰਮ੍ਰਿਤਸਰ ਵਿਚ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ, ਜਿਥੇ ਸਦਰ ਥਾਣੇ ਦੇ ਬਾਹਰ ਇੱਕ ਸੀਆਰਪੀਐਫ ਦੇ ਸਾਬਕਾ ਡੀ ਐੱਸ ਪੀ ਨੇ ਪਰਿਵਾਰਕ ਝਗੜੇ ਕਾਰਨ ਆਪਣੀ ਪਤਨੀ, ਪੁੱਤਰ ਤੇ ਨੂੰਹ ਨੂੰ ਗੋਲੀ ਮਾਰ ਦਿੱਤੀ। ਗੋਲੀਆਂ ਨਾਲ ਜ਼ਖਮੀ ਹੋਈ ਪਤਨੀ ਤੇ ਨੂੰਹ, ਪੁੱਤਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਪੁੱਤ ਦੀ ਮੌਤ ਹੋ ਗਈ।
ਪਰਿਵਾਰਕ ਝਗੜੇ ਦਾ ਮਾਮਲਾ
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸੇਵਾਮੁਕਤ ਡੀਐਸਪੀ ਦੀ ਪਛਾਣ ਤਰਸੇਮ ਸਿੰਘ ਵਜੋਂ ਹੋਈ ਹੈ, ਜੋ ਕਿ ਇੱਕ ਸਾਬਕਾ ਸੀਆਰਪੀਐਫ ਅਧਿਕਾਰੀ ਦੱਸਿਆ ਜਾ ਰਿਹਾ ਹੈ। ਇਹ ਘਟਨਾ ਪਰਿਵਾਰਕ ਝਗੜੇ ਕਾਰਨ ਵਾਪਰੀ। ਜਾਣਕਾਰੀ ਅਨੁਸਾਰ ਤਰਸੇਮ ਸਿੰਘ ਨੇ ਆਪਣੇ ਰਿਵਾਲਵਰ ਤੋਂ ਲਗਭਗ 4 ਗੋਲੀਆਂ ਚਲਾਈਆਂ।
4 ਰਾਊਂਡ ਫਾਇਰਿੰਗ
ਦੱਸਿਆ ਜਾ ਰਿਹਾ ਹੈ ਕਿ ਸੇਵਾਮੁਕਤ ਡੀਐਸਪੀ ਤਰਸੇਮ ਸਿੰਘ ਦਾ ਆਪਣੇ ਪਰਿਵਾਰ ਨਾਲ ਜਾਇਦਾਦ ਦਾ ਵਿਵਾਦ ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਦੋਵਾਂ ਧਿਰਾਂ ਵਿੱਚ ਬਹਿਸ ਹੋ ਗਈ। ਇਸ ਤੋਂ ਬਾਅਦ ਦੋਵੇਂ ਧਿਰਾਂ ਮਜੀਠਾ ਰੋਡ 'ਤੇ ਸਥਿਤ ਥਾਣਾ ਸਦਰ ਸ਼ਿਕਾਇਤ ਲੈ ਕੇ ਪਹੁੰਚੀਆਂ। ਦੋਵੇਂ ਧਿਰਾਂ ਅਜੇ ਬਾਹਰ ਸਨ।ਇਸ ਦੌਰਾਨ ਤਰਸੇਮ ਸਿੰਘ ਨੇ ਆਪਣਾ ਰਿਵਾਲਵਰ ਕੱਢ ਕੇ ਪਹਿਲਾਂ ਆਪਣੀ ਪਤਨੀ, ਫਿਰ ਪੁੱਤਰ ਅਤੇ ਨੂੰਹ ਨੂੰ ਗੋਲੀ ਮਾਰ ਦਿੱਤੀ। ਲਗਭਗ 4 ਰਾਉਂਡ ਫਾਇਰਿੰਗ ਕੀਤੀ ਗਈ।
ਡੀ ਐੱਸ ਪੀ ਦਾ ਹੋਇਆ ਸੀ ਦੂਜਾ ਵਿਆਹ
ਏਸੀਪੀ ਉੱਤਰੀ ਆਈਪੀਐਸ ਰਿਸ਼ਭ ਭੋਲਾ ਨੇ ਦੱਸਿਆ ਕਿ ਦੋਸ਼ੀ ਰਾਜਾਸਾਂਸੀ ਦਾ ਰਹਿਣ ਵਾਲਾ ਹੈ। ਗੋਲੀਬਾਰੀ ਤੋਂ ਤੁਰੰਤ ਬਾਅਦ ਚੈੱਕ ਪੋਸਟ 'ਤੇ ਖੜ੍ਹੀ ਪੁਲਿਸ ਨੇ ਤਰਸੇਮ ਸਿੰਘ ਨੂੰ ਫੜ ਲਿਆ। ਇਸ ਤੋਂ ਬਾਅਦ ਉਸਨੂੰ ਮਜੀਠਾ ਰੋਡ ਥਾਣੇ ਵਿੱਚ ਪੇਸ਼ ਕੀਤਾ ਗਿਆ।
ਏਸੀਪੀ ਨੇ ਕਿਹਾ ਕਿ ਤਰਸੇਮ ਦਾ ਦੋ ਵਾਰ ਵਿਆਹ ਹੋਇਆ ਹੈ। ਪਹਿਲੀ ਪਤਨੀ ਅਤੇ ਪੁੱਤਰ ਨਾਲ ਜਾਇਦਾਦ ਦਾ ਵਿਵਾਦ ਚੱਲ ਰਿਹਾ ਹੈ। ਇਸ ਝਗੜੇ ਦੌਰਾਨ ਤਰਸੇਮ ਸਿੰਘ ਨੇ ਇਹ ਕਦਮ ਚੁੱਕਿਆ। ਜਿਸ ਹਥਿਆਰ ਨਾਲ ਗੋਲੀਬਾਰੀ ਕੀਤੀ ਗਈ ਸੀ ਉਹ ਲਾਇਸੈਂਸੀ ਹੈ।