ਜਲੰਧਰ ਦੇ ਆਬਾਦਪੁਰਾ 'ਚ ਬੀਤੇ ਕੁਝ ਦਿਨ ਪਹਿਲਾਂ 29 ਮਾਰਚ ਨੂੰ ਦੇਰ ਰਾਤ ਇਕ ਮੁਕਾਬਲੇ ਦੌਰਾਨ ਪੁਲਸ ਨੇ ਚਿੰਟੂ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ। ਚਿੰਟੂ ਗਰੁੱਪ ਨੇ ਪੁਲਸ 'ਤੇ 5 ਤੋਂ 6 ਰਾਊਂਡ ਫਾਇਰ ਕੀਤੇ ਸਨ। ਹਾਲਾਂਕਿ ਪੁਲਸ ਤੋਂ ਬਚਦੇ ਹੋਏ ਨੀਰਜ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਅੱਜ ਨੀਰਜ ਦੀ ਇਲਾਜ ਦੌਰਾਨ ਮੌਤ ਹੋ ਗਈ। ਨੀਰਜ ਦੀ ਮੌਤ ਦੀ ਪੁਸ਼ਟੀ ਥਾਣਾ ਇੰਚਾਰਜ ਸੁਰਿੰਦਰ ਨੇ ਖੁਦ ਕੀਤੀ ਹੈ।
ਇਹ ਸਾਮਾਨ ਹੋਇਆ ਸੀ ਬਰਾਮਦ
ਜਾਣਕਾਰੀ ਦਿੰਦਿਆਂ ਸੁਰਿੰਦਰ ਨੇ ਦੱਸਿਆ ਕਿ ਨੀਰਜ ਖਿਲਾਫ ਪਹਿਲਾਂ ਵੀ ਚੋਰੀ, ਲੜਾਈ-ਝਗੜੇ ਅਤੇ ਨਸ਼ੇ ਦੇ 12 ਮਾਮਲੇ ਦਰਜ ਹਨ। ਦੱਸ ਦੇਈਏ ਕਿ ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 6 ਨਜਾਇਜ਼ ਪਿਸਤੌਲ, 22 ਕਾਰਤੂਸ ਅਤੇ 6 ਮੈਗਜ਼ੀਨ ਅਤੇ 4 ਮੋਬਾਈਲ ਫ਼ੋਨ ਬਰਾਮਦ ਕੀਤੇ ਸਨ। ਇਸ ਦੇ ਨਾਲ ਹੀ ਪੁਲਸ ਨੇ ਗਿ੍ਫ਼ਤਾਰ ਚਿੰਟੂ ਅਤੇ ਉਸ ਦੇ ਦੋ ਸਾਥੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਚਾਰੋਂ ਮੁਲਜ਼ਮ ਪ੍ਰੇਮਾ ਲਾਹੌਰੀਆ ਗਰੋਹ ਨਾਲ ਸਬੰਧਤ
ਐਨਕਾਊਂਟਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਦੇ ਲਿੰਕ ਪ੍ਰੇਮਾ ਲਾਹੌਰੀਆ ਅਤੇ ਵਿੱਕੀ ਗੌਂਡਰ ਗੈਂਗ ਨਾਲ ਨਿਕਲੇ। ਰਿਮਾਂਡ ਦੌਰਾਨ ਪੁਲਸ ਨੇ ਪੁੱਛਗਿੱਛ 'ਚ ਖੁਲਾਸਾ ਕੀਤਾ ਸੀ ਕਿ ਚਿੰਟੂ ਗਰੁੱਪ ਦੀ ਪਹਿਲਾਂ ਮਨੀ ਚਾਹਲ ਅਤੇ ਸੁਰਿੰਦਰ ਸੱਪ ਨਾਲ ਦੋਸਤੀ ਸੀ ਪਰ ਇਕ ਦਿਨ ਭਗਵਾਨ ਵਾਲਮੀਕੀ ਚੌਕ ਨੇੜੇ ਪਾਰਕਿੰਗ ਦਾ ਠੇਕਾ ਲੈਣ ਨੂੰ ਲੈ ਕੇ ਉਨ੍ਹਾਂ ਦੀ ਤਕਰਾਰ ਹੋ ਗਈ, ਜਿਸ ਦੀ ਚਿੰਟੂ ਆਪਣੇ ਮਨ ਵਿਚ ਰੰਜਿਸ਼ ਰੱਖ ਕੇ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ।