ਪਟਿਆਲਾ 'ਚ ਸਵਾਰੀਆਂ ਨਾਲ ਭਰੀ ਪੀਆਰਟੀਸੀ ਬੱਸ ਅਤੇ ਟਿੱਪਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਪਲਟ ਕੇ ਖੇਤਾਂ 'ਚ ਜਾ ਡਿੱਗੀ। ਇਸ ਹਾਦਸੇ 'ਚ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਬੱਸ ਡਰਾਈਵਰ ਅਤੇ ਕੰਡਕਟਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਲੋਕਾਂ ਨੇ ਸ਼ੀਸ਼ੇ ਤੋੜ ਕੇ ਸਵਾਰੀਆਂ ਨੂੰ ਕੱਢਿਆ ਬਾਹਰ
ਬੱਸ ਤੇ ਟਿੱਪਰ ਵਿਚਕਾਰ ਇਹ ਹਾਦਸਾ ਚੀਕਾ ਰੋਡ 'ਤੇ ਵਾਪਰਿਆ। ਹਾਦਸੇ ਤੋਂ ਬਾਅਦ ਸਵਾਰੀਆਂ ਬੱਸ ਦੇ ਅੰਦਰ ਹੀ ਫਸ ਗਈਆਂ ਅਤੇ ਰੌਲਾ ਪੈ ਗਿਆ। ਇਸ ਦੌਰਾਨ ਰਾਹਗੀਰਾਂ ਨੇ ਬੱਸ ਵਿੱਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢ ਕੇ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ।
ਬੱਸ ਵਿੱਚ 50 ਯਾਤਰੀ ਸਵਾਰ ਸਨ
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਬੱਸ 'ਚ 50 ਯਾਤਰੀ ਮੌਜੂਦ ਸਨ। ਇਨ੍ਹਾਂ 'ਚੋਂ ਕਈ ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਹੈ।