ਉਤਰਾਖੰਡ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਤਬਾਹੀ ਮਚੀ ਹੋਈ ਹੈ। ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਕੇਦਾਰਨਾਥ ਯਾਤਰਾ ਦੋ ਦਿਨਾਂ ਲਈ ਰੋਕ ਦਿੱਤੀ ਗਈ ਹੈ। ਮੀਂਹ ਕਾਰਨ ਹਰਿਦੁਆਰ, ਦੇਹਰਾਦੂਨ, ਟਿਹਰੀ, ਰੁਦਰਪ੍ਰਯਾਗ ਅਤੇ ਨੈਨੀਤਾਲ 'ਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕੇਦਾਰਨਾਥ 'ਚ ਬੱਦਲ ਫਟਣ ਕਾਰਨ ਪੈਦਲ ਰਸਤੇ 'ਤੇ ਲਿੰਚੋਲੀ ਅਤੇ ਭਿੰਬਲੀ ਨੇੜੇ 2000 ਤੋਂ ਜ਼ਿਆਦਾ ਲੋਕ ਫਸੇ ਹੋਏ ਹਨ। ਉਨ੍ਹਾਂ ਨੂੰ ਬਚਾਉਣ ਲਈ 5 ਹੈਲੀਕਾਪਟਰ ਲਗਾਏ ਗਏ ਹਨ।
ਮੰਦਾਕਿਨੀ ਨਦੀ 'ਚ ਡੁਬੀ ਸੜਕ
ਰਾਮਬਾੜਾ ਅਤੇ ਭਿੰਬਲੀ ਲੰਚੋਲੀ ਨੂੰ ਜਾਣ ਵਾਲਾ ਰਸਤਾ ਪੂਰੀ ਤਰ੍ਹਾਂ ਬੰਦ ਰਿਹਾ। ਬੱਦਲ ਫਟਣ ਕਾਰਨ ਕੇਦਾਰਨਾਥ ਯਾਤਰਾ ਮਾਰਗ 'ਤੇ 30 ਮੀਟਰ ਸੜਕ ਮੰਦਾਕਿਨੀ ਨਦੀ 'ਚ ਡੁੱਬ ਗਈ ਹੈ। ਭਾਰੀ ਮੀਂਹ ਤੋਂ ਬਾਅਦ ਕੇਦਾਰਨਾਥ 'ਚ ਵੱਡੀ ਗਿਣਤੀ 'ਚ ਲੋਕ ਫਸੇ ਹੋਏ ਹਨ। ਰਾਤ ਤੋਂ ਹੀ NDRF ਅਤੇ SDRF ਨੇ ਮਿਲ ਕੇ ਬਚਾਅ ਕਾਰਜ ਚਲਾਇਆ ਹੈ। ਹੁਣ ਤੱਕ ਹੈਲੀਕਾਪਟਰ ਅਤੇ ਪੈਦਲ ਚਲਾਏ ਗਏ ਬਚਾਅ ਕਾਰਜ ਵਿੱਚ 4000 ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਬਚਾਇਆ ਜਾ ਚੁੱਕਾ ਹੈ।
ਵਾਇਨਾਡ 'ਚ ਜ਼ਮੀਨ ਖਿਸਕਣ ਕਾਰਨ ਹੁਣ ਤੱਕ 313 ਮੌਤਾਂ
ਕੇਰਲ ਦੇ ਵਾਇਨਾਡ 'ਚ ਭਾਰੀ ਮੀਂਹ ਕਾਰਨ ਵੱਖ-ਵੱਖ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 313 ਤੱਕ ਪਹੁੰਚ ਗਈ ਹੈ। 130 ਲੋਕ ਹਸਪਤਾਲ ਵਿੱਚ ਹਨ, ਜਦੋਂ ਕਿ 240 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਹੁਣ ਤੱਕ 4 ਹਜ਼ਾਰ ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਮੌਸਮ ਵਿਭਾਗ ਨੇ ਅੱਜ ਵੀ ਔਰੇਂਜ ਅਲਰਟ ਜਾਰੀ ਕੀਤਾ ਹੈ।