ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ। 41 ਸਾਲਾ ਵਿਵੇਕ ਤਨੇਜਾ ਇੱਕ ਰੈਸਟੋਰੈਂਟ ਦੇ ਬਾਹਰ ਬੇਹੋਸ਼ ਪਾਇਆ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮਾਮਲਾ 2 ਫਰਵਰੀ ਦਾ ਹੈ। ਪੁਲਸ ਨੇ ਹੁਣ ਇਸ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਹੈ।
ਪੁਲਸ ਨੇ ਕਿਹਾ ਕਿ 2 ਫਰਵਰੀ ਨੂੰ ਵਿਵੇਕ ਦੀ ਰੈਸਟੋਰੈਂਟ ਦੇ ਬਾਹਰ ਇਕ ਵਿਅਕਤੀ ਨਾਲ ਲੜਾਈ ਹੋ ਗਈ, ਜਦੋਂ ਅਸੀਂ ਉੱਥੇ ਪਹੁੰਚੇ ਤਾਂ ਵਿਵੇਕ ਨੂੰ ਬੇਹੋਸ਼ੀ ਦੀ ਹਾਲਤ 'ਚ ਪਾਇਆ। ਜ਼ਮੀਨ 'ਤੇ ਡਿੱਗਣ ਨਾਲ ਉਸ ਦੇ ਸਿਰ 'ਤੇ ਡੂੰਘੀ ਸੱਟ ਲੱਗ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਇੱਥੇ 5 ਦਿਨਾਂ ਬਾਅਦ 7 ਫਰਵਰੀ ਨੂੰ ਉਸ ਦੀ ਮੌਤ ਹੋ ਗਈ।
ਮੁਲਜ਼ਮਾਂ ਦੀ ਭਾਲ ਜਾਰੀ ਹੈ
ਪੁਲਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਉਸ 'ਤੇ 20 ਲੱਖ 75 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ। ਫਿਲਹਾਲ ਦੋਸ਼ੀ ਦੀ ਪਛਾਣ ਨਹੀਂ ਹੋ ਸਕੀ ਹੈ। ਲੜਾਈ ਦਾ ਕਾਰਨ ਵੀ ਸਾਹਮਣੇ ਨਹੀਂ ਆਇਆ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜਦਕਿ ਵਿਵੇਕ ਵਰਜੀਨੀਆ ਸੂਬੇ ਦਾ ਰਹਿਣ ਵਾਲਾ ਸੀ। ਉਹ ਇੱਕ ਤਕਨੀਕੀ ਕੰਪਨੀ ਦਾ ਮਾਲਕ ਸੀ। ਉਸ ਬਾਰੇ ਵੀ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
4 ਫਰਵਰੀ ਨੂੰ ਭਾਰਤੀ ਵਿਦਿਆਰਥੀ 'ਤੇ ਹਮਲਾ ਹੋਇਆ ਸੀ
4 ਫਰਵਰੀ ਨੂੰ ਵੀ ਸ਼ਿਕਾਗੋ ਵਿੱਚ ਇੱਕ ਭਾਰਤੀ ਵਿਦਿਆਰਥੀ ਉੱਤੇ ਹਮਲਾ ਹੋਇਆ ਸੀ। ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਇਸ 'ਚ 3 ਹਮਲਾਵਰ ਵਿਦਿਆਰਥੀ ਦਾ ਪਿੱਛਾ ਕਰਦੇ ਨਜ਼ਰ ਆਏ। ਇਸ ਤੋਂ ਬਾਅਦ ਤਿੰਨਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ, ਫੋਨ ਖੋਹ ਲਿਆ ਅਤੇ ਫਰਾਰ ਹੋ ਗਏ। ਵਿਦਿਆਰਥੀ ਨੂੰ ਖੂਨ ਨਾਲ ਲੱਥਪੱਥ ਦੇਖਿਆ ਗਿਆ।