ਯੂ ਪੀ ਦੇ ਅਮਰੋਹਾ 'ਚ ਸਵੇਰੇ ਤੜਕੇ ਚਾਰ ਅਣਪਛਾਤੇ ਹਮਲਾਵਰਾਂ ਨੇ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਵੈਨ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੇ ਨਾਲ ਹੀ ਹਮਲਾਵਰਾਂ ਨੇ ਵੈਨ 'ਤੇ ਇੱਟਾਂ ਅਤੇ ਪਥਰਾਅ ਵੀ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵੈਨ 'ਚ 28 ਬੱਚੇ ਸਵਾਰ ਸਨ, ਜੋ ਕਿ ਡਰ ਗਏ ਅਤੇ ਚੀਕਣ ਲੱਗੇ। ਵੈਨ 'ਤੇ ਹਮਲਾ ਹੁੰਦਾ ਦੇਖ ਡਰਾਈਵਰ ਨੇ ਵੈਨ ਭਜਾ ਲਈ।
ਘਟਨਾ ਤੋਂ ਸਹਿਮੇ ਬੱਚੇ
ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ 'ਚ ਸਾਰੇ ਸੁਰੱਖਿਅਤ ਹਨ ਅਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਘਟਨਾ ਤੋਂ ਬਾਅਦ ਬੱਚੇ ਡਰੇ ਹੋਏ ਹਨ ਅਤੇ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਬੱਚਿਆਂ ਦੇ ਮਾਤਾ-ਪਿਤਾ ਸਕੂਲ ਪਹੁੰਚੇ ਅਤੇ ਬੱਚਿਆਂ ਨੂੰ ਸੰਭਾਲਿਆ। ਡਰਾਈਵਰ ਨੇ ਰਸਤੇ ਵਿੱਚ ਹੀ ਇਸ ਘਟਨਾ ਦੀ ਸੂਚਨਾ ਸਕੂਲ ਦੇ ਪ੍ਰਿੰਸੀਪਲ ਅਤੇ ਪੁਲਸ ਨੂੰ ਦੇ ਦਿੱਤੀ ਸੀ।
ਡਰਾਈਵਰ ਦੀ ਸਿਆਣਪ ਕਾਰਨ ਜਾਨ ਬਚੀ
ਸਕੂਲ ਵੈਨ ਡਰਾਈਵਰ ਮੌਂਟੀ ਅਨੁਸਾਰ ਉਹ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਵੈਨ ਨੂੰ ਰੋਕ ਲਿਆ। ਜਿਵੇਂ ਹੀ ਉਨ੍ਹਾਂ ਨੇ ਗੋਲੀਆਂ ਚਲਾਈਆਂ, ਉਸ ਨੇ ਵੈਨ ਸਟਾਰਟ ਕੀਤੀ ਅਤੇ ਬੱਚਿਆਂ ਨੂੰ ਸੀਟਾਂ ਦੇ ਹੇਠਾਂ ਜਾਣ ਲਈ ਕਿਹਾ। ਇਸ ਤੋਂ ਬਾਅਦ ਉਹ ਬ੍ਰੇਕ ਲਗਾਏ ਬਿਨਾਂ ਤੇਜ਼ ਰਫ਼ਤਾਰ ਨਾਲ ਵੈਨ ਨੂੰ ਚਲਾਉਂਦਾ ਰਿਹਾ, ਜਿਸ ਦੌਰਾਨ ਬਦਮਾਸ਼ ਪਿੱਛਿਓਂ ਗੋਲੀਆਂ ਚਲਾਉਂਦੇ ਰਹੇ ਅਤੇ ਪੱਥਰ ਵੀ ਮਾਰਦੇ ਰਹੇ।
ਪੁਰਾਣੀ ਰੰਜਿਸ਼ ਕਾਰਨ ਹੋਇਆ ਹਮਲਾ
ਪੁਲਸ ਦਾ ਕਹਿਣਾ ਹੈ ਕਿ ਹਮਲਾ ਡਰਾਈਵਰ ਮੌਂਟੀ 'ਤੇ ਹੋਇਆ। 21 ਅਕਤੂਬਰ ਨੂੰ ਵੈਨ ਚਾਲਕ ਮੌਂਟੀ ਦਾ ਮੁਲਜ਼ਮ ਨੌਜਵਾਨਾਂ ਨਾਲ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਨ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਇਸ ਦਾ ਬਦਲਾ ਲੈਣ ਲਈ ਮੁਲਜ਼ਮਾਂ ਨੇ ਸਵੇਰੇ ਬੱਚਿਆਂ ਨੂੰ ਲੈ ਕੇ ਜਾ ਰਹੇ ਮੌਂਟੀ ਨੂੰ ਆਪਣਾ ਨਿਸ਼ਾਨਾ ਬਣਾਇਆ, ਜਿਸ ਕਾਰਨ ਬੱਚਿਆਂ ਦੀ ਜਾਨ ਵੀ ਖਤਰੇ ਵਿੱਚ ਪੈ ਗਈ।