ਹੁਸ਼ਿਆਰਪੁਰ 'ਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿਥੇ ਖੱਡ ਪਾਰ ਕਰ ਰਹੀ ਇਕ ਇਨੋਵਾ ਕਾਰ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਈ। ਜ਼ਿਕਰਯੋਗ ਹੈ ਕਿ ਅੱਜ ਸਵੇਰ ਪੰਜਾਬ ਭਰ ਵਿਚ ਭਾਰੀ ਮੀਂਹ ਪਿਆ, ਜਿਸ ਕਾਰਣ ਪਿੰਡਾਂ ਵਿਚ ਕੱਸੀਆਂ ਤੇ ਚੋਅ ਪਾਣੀ ਨਾਲ ਭਰ ਚੁੱਕੇ ਹਨ। ਦੱਸ ਦੇਈਏ ਕਿ ਕਾਰ ਵਿੱਚ 11 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 10 ਲੋਕਾਂ ਦੀ ਮੌਤ ਹੋ ਗਈ ਹੈ ਤੇ ਇਕ ਨੂੰ ਬਚਾਇਆ ਗਿਆ ਹੈ।
ਵਿਆਹ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ
ਜਾਣਕਾਰੀ ਅਨੁਸਾਰ ਸਾਰੇ ਇਨੋਵਾ ਸਵਾਰ ਬਰਾਤੀ ਊਨਾ ਦੇ ਪਿੰਡ ਡੇਹਲੋਂ ਤੋਂ ਪੰਜਾਬ ਦੇ ਮਾਹਿਲਪੁਰ ਵਿੱਚ ਇੱਕ ਵਿਆਹ ਵਿੱਚ ਜਾ ਰਹੇ ਸਨ ਕਿ ਰਾਹ ਵਿਚ ਇਹ ਹਾਦਸਾ ਵਾਪਰ ਗਿਆ। ਇਹ ਹਾਦਸਾ ਗੜ੍ਹਸ਼ੰਕਰ ਤਹਿਸੀਲ ਦੇ ਪਹਾੜੀ ਪਿੰਡ ਜੇਜੋਂ ਨੇੜੇ ਵਾਪਰਿਆ, ਜਿਥੇ ਖੱਡ ਵਿੱਚ ਆਏ ਮੀਂਹ ਦੇ ਪਾਣੀ ਵਿਚ ਇਨੋਵਾ ਗੱਡੀ ਰੁੜ ਗਈ।
ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿਵੇਂ ਵਾਪਰਿਆ ਹਾਦਸਾ
ਰਿਪੋਰਟ ਮੁਤਾਬਕ ਪਿੰਡ ਜੇਜੋਂ ਦੇ ਮਨੋਜ ਕੁਮਾਰ, ਰੋਹਿਤ ਜੈਨ, ਸਚਿਨ ਕੁਮਾਰ, ਸ਼ਿਵਮ ਪ੍ਰਜਾਤਿਆ, ਦੀਪਕ ਸ਼ਰਮਾ, ਪਰਮਜੀਤ ਉਰਫ਼ ਪੰਮੀ ਨੇ ਦੱਸਿਆ ਕਿ ਕਰੀਬ ਸਾਢੇ ਦੱਸ ਵੱਜੇ ਜਦੋਂ ਉਹ ਖੱਡ ਵਿੱਚ ਆਏ ਮੀਂਹ ਦੇ ਪਾਣੀ ਨੂੰ ਵੇਖ ਰਹੇ ਸਨ ਤਾਂ ਇਕ ਹਿਮਾਚਲ ਪ੍ਰਦੇਸ਼ ਨੰਬਰ ਇਨੋਵਾ ਗੱਡੀ, ਜਿਸ ਵਿਚ ਕਰੀਬ 10-11 ਲੋਕ ਸਵਾਰ ਸਨ, ਉਹ ਖੱਡ ਦੇ ਪਾਣੀ ਵਿੱਚ ਰੁੜ੍ਹ ਗਏ।
ਪਾਣੀ ਵਿਚ ਰੁੜ੍ਹਨ ਵਾਲਿਆਂ ਦੀ ਪਛਾਣ
ਜਿਸ ਤੋਂ ਬਾਅਦ ਉਨ੍ਹਾਂ ਨੇ ਗੱਡੀ ਵਿਚ ਫਸੇ ਇਕ ਵਿਅਕਤੀ ਨੂੰ ਬਾਹਰ ਕੱਢਿਆ ਜਦੋਂਕਿ ਬਾਕੀ ਪਾਣੀ ’ਚ ਰੁੜ ਗਏ। ਇਸ ਦੌਰਾਨ ਗੱਡੀ ਵਿਚੋਂ ਕੱਢੇ ਵਿਅਕਤੀ ਦੀਪਕ ਭਾਟੀਆ ਪੁੱਤਰ ਸੁਰਜੀਤ ਭਾਟੀਆ ਵਾਸੀ ਦੇਹਰਾ, ਨੇੜੇ ਮਹਿਤਪੁਰ ਜ਼ਿਲ੍ਹਾ ਊਨਾ ਹਿਮਚਲ ਪ੍ਰਦੇਸ਼ ਤੋਂ ਕਿਰਾਏ ਦੀ ਗੱਡੀ ਕਰਕੇ ਨਵਾਂਸ਼ਹਿਰ ਵਿਖੇ ਵਿਆਹ ਵਿਚ ਸ਼ਾਮਲ ਹੋਣ ਜਾ ਰਹੇ ਸਨ। ਉਸ ਨੇ ਦੱਸਿਆ ਕਿ ਇਸ ਗੱਡੀ ਵਿਚ ਉਸ ਦਾ ਪਿਤਾ ਸੁਰਜੀਤ ਸਿੰਘ, ਮਾਂ ਪਰਮਜੀਤ ਕੌਰ, ਚਾਚਾ ਸਰੂਪ ਚੰਦ, ਚਾਚੀ ਬਿੰਦਰ, ਮਾਸੀ ਸ਼ਨੂੰ, ਭਾਵਨਾ 19, ਅੰਕੂ 20, ਹਰਸ਼ਿਤ 12 ਅਤੇ ਡਰਾਈਵਰ ਸਨ। ਦੱਸਿਆ ਜਾ ਰਿਹਾ ਕਿ ਸਾਰੇ ਇਕੋ ਹੀ ਪਰਿਵਾਰ ਮੈਂਬਰ ਸਨ।