ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਭਲਕੇ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ। ਪਹਿਲਾ ਰੁਝਾਨ ਸਵੇਰੇ 9 ਵਜੇ ਆਵੇਗਾ ਅਤੇ ਦੁਪਹਿਰ 2 ਵਜੇ ਤੱਕ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਉਕਤ ਸੀਟ 'ਤੇ ਕਿਸ ਦੀ ਜਿੱਤ ਹੋਈ ਹੈ।
ਵੋਟਿੰਗ ਫੀਸਦੀ ਰਹੀ ਘੱਟ
ਇਸ ਵਾਰ ਘੱਟ ਵੋਟਿੰਗ ਨੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਦੀ ਨੀਂਦ ਉਡਾ ਰੱਖੀ ਹੈ ਕਿਉਂਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਮੁਕਾਬਲੇ ਕਰੀਬ 9 ਫੀਸਦੀ ਵੋਟਿੰਗ ਘੱਟ ਹੋਈ ਹੈ।
ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ
ਜਾਣਕਾਰੀ ਅਨੁਸਾਰ ਇਸ ਵਾਰ ਵੋਟਾਂ ਦੀ ਗਿਣਤੀ ਖਾਲਸਾ ਕਾਲਜ (ਮਹਿਲਾ), ਜਲੰਧਰ ਵਿਖੇ ਹੋਵੇਗੀ। ਇਸ ਦੌਰਾਨ ਚੋਣ ਅਧਿਕਾਰੀਆਂ, ਕੇਂਦਰੀ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਸ ਵੱਲੋਂ ਸਖ਼ਤ ਚੌਕਸੀ ਰੱਖੀ ਜਾਵੇਗੀ। ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਦੱਸ ਦੇਈਏ ਕਿ ਉਕਤ ਸੀਟ 'ਤੇ ਤਿਕੋਣਾ ਮੁਕਾਬਲਾ ਹੈ, ਸਾਰੇ ਉਮੀਦਵਾਰ ਆਪੋ-ਆਪਣੇ ਪੱਖ ਨੂੰ ਦੇਖਦੇ ਹੋਏ ਮਜ਼ਬੂਤ ਹਨ। ਅਜਿਹੇ 'ਚ ਇਸ ਸੀਟ 'ਤੇ ਮੁਕਾਬਲਾ ਕਾਫੀ ਦਿਲਚਸਪ ਬਣਿਆ ਹੋਇਆ ਹੈ।
54.90 ਫੀਸਦੀ ਹੋਈ ਵੋਟਿੰਗ
10 ਜੁਲਾਈ ਨੂੰ ਹੋਈ ਵੋਟਿੰਗ ਵਿੱਚ ਸਿਰਫ਼ 54.90 ਫ਼ੀਸਦੀ ਵੋਟਾਂ ਹੀ ਪਈਆਂ ਸਨ, ਇਹ ਵੋਟ ਫ਼ੀਸਦੀ ਲੋਕ ਸਭਾ ਚੋਣਾਂ ਨਾਲੋਂ ਕਰੀਬ 9 ਫ਼ੀਸਦੀ ਘੱਟ ਹੈ। ਇਸ ਸੀਟ 'ਤੇ ਤਿਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਹੈ। ਜਿਸ ਵਿੱਚ ਭਾਜਪਾ ਤੋਂ ਸ਼ੀਤਲ ਅੰਗੁਰਾਲ, ‘ਆਪ’ ਵੱਲੋਂ ਭਾਜਪਾ ਦੇ ਸਾਬਕਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਚੋਣ ਲੜ ਰਹੇ ਹਨ।
ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ। 2012 'ਚ ਭਾਜਪਾ, 2017 'ਚ ਕਾਂਗਰਸ ਅਤੇ 2022 'ਚ 'ਆਪ' ਨੇ ਸੀਟ ਜਿੱਤੀ ਸੀ।