ਨਵੇਂ ਸਾਲ ਤੋਂ ਪਹਿਲਾਂ ਜਲੰਧਰ ਦੇ ਵੰਡਰਲੈਂਡ ਪਾਰਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਬੰਬ ਦੀ ਧਮਕੀ ਕਾਰਨ ਦਹਿਸ਼ਤ ਦਾ ਮਾਹੌਲ ਹੈ। ਅੱਜ ਪੁਲਸ ਨੇ ਨਵੇਂ ਸਾਲ ਦੀ ਜਸ਼ਨ ਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਹੋਈ ਹੈ। ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਕਰਨ ਲਈ ਸੜਕਾਂ 'ਤੇ ਵੱਡੀ ਗਿਣਤੀ 'ਚ ਪੁਲਸ ਵੀ ਤਾਇਨਾਤ ਹੈ। ਫਿਲਹਾਲ ਪੁਲਸ ਜਾਂਚ 'ਚ ਜੁਟੀ ਹੋਈ ਹੈ।
ਜਲੰਧਰ ਪ੍ਰਸ਼ਾਸਨ ਨੂੰ ਖੁੱਲ੍ਹੀ ਚੁਣੌਤੀ
ਇਕ ਮੀਡੀਆ ਸੰਸਥਾ ਨੂੰ ਭੇਜੀ ਗਈ ਚਿੱਠੀ 'ਚ ਕਿਹਾ ਗਿਆ ਹੈ ਕਿ ਅੱਜ ਯਾਨੀ 31 ਦਸੰਬਰ ਦੀ ਰਾਤ ਨੂੰ ਅਸੀਂ ਵੰਡਰਲੈਂਡ 'ਚ ਹੋਣ ਵਾਲੀ ਪਾਰਟੀ 'ਚ ਬੰਬ ਧਮਾਕਾ ਕਰਾਂਗੇ। ਨਾਲ ਹੀ ਚਿੱਠੀ ਵਿੱਚ ਜਲੰਧਰ ਪ੍ਰਸ਼ਾਸਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ ਹੈ। ਉਧਰ, ਇਸ ਸਬੰਧੀ ਜਲੰਧਰ ਦੇਹਾਤ ਪੁਲਸ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਹੈ ਕਿ ਇਹ ਸਾਰੀਆਂ ਗੱਲਾਂ ਅਫਵਾਹ ਹਨ। ਅਜਿਹਾ ਕੁਝ ਨਹੀਂ ਹੋਇਆ ਹੈ।
ਅਰਬੀ ਭਾਸ਼ਾ ਵਿੱਚ ਮਿਲੀ ਚਿੱਠੀ
ਦੱਸ ਦੇਈਏ ਕਿ ਇਹ ਚਿੱਠੀ ਅਰਬੀ ਭਾਸ਼ਾ ਵਿੱਚ ਸ਼ੁਰੂ ਹੁੰਦੀ ਹੈ, ਜਿਸ ਵਿੱਚ ਲਿਖਿਆ ਹੈ, ਅੱਲਾਹ ਹੂ ਅਕਬਰ। ਅੰਗਰੇਜ਼ੀ 'ਚ ਅੱਗੇ ਲਿਖਿਆ ਹੈ, 'ਇਹ ਜਲੰਧਰ ਪ੍ਰਸ਼ਾਸਨ ਨੂੰ ਸਾਡੀ ਖੁੱਲ੍ਹੀ ਚੁਣੌਤੀ ਹੈ। 31 ਦਸੰਬਰ ਨੂੰ ਵੰਡਰਲੈਂਡ ਫਾਰਮ ਵਿਖੇ ਧਮਾਕਾ ਹੋਵੇਗਾ। ਜੇ ਤੁਸੀਂ ਰੋਕ ਸਕਦੇ ਹੋ, ਤਾਂ ਇਸ ਨੂੰ ਰੋਕ ਲਵੋ, ਕਾਊਂਟਡਾਊਨ ਸ਼ੁਰੂ ਹੁੰਦਾ ਹੈ... ਟਿੱਕ-ਟੌਕ ਟਿੱਕ-ਟੌਕ ਟਿੱਕ-ਟੌਕ।
ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ
ਧਮਕੀ ਤੋਂ ਬਾਅਦ ਵੰਡਰਲੈਂਡ ਦੇ ਅੰਦਰ ਅਤੇ ਬਾਹਰ ਦੇ ਖੇਤਰਾਂ ਵਿੱਚ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ।