ਜਲੰਧਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 6 ਨਾਜਾਇਜ਼ ਪਿਸਤੌਲ ਅਤੇ 7 ਮੈਗਜ਼ੀਨ ਬਰਾਮਦ ਹੋਏ ਹਨ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ।
6 ਪਿਸਤੌਲ-7 ਮੈਗਜ਼ੀਨ ਬਰਾਮਦ
ਐਕਸ ਅਕਾਉਂਟ 'ਤੇ ਪੋਸਟ ਸ਼ੇਅਰ ਕਰਦੇ ਹੋਏ ਡੀਜੀਪੀ ਨੇ ਲਿਖਿਆ ਕਿ ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ 2 ਤਸਕਰਾਂ ਨੂੰ 6 ਗੈਰ ਕਾਨੂੰਨੀ ਪਿਸਤੌਲਾਂ ਅਤੇ 7 ਮੈਗਜ਼ੀਨਾਂ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਗਿਰੋਹ ਨੇ ਪਿਛਲੇ 6 ਮਹੀਨਿਆਂ ਦੌਰਾਨ ਹਥਿਆਰਾਂ ਦੀਆਂ 4 ਵੱਡੀਆਂ ਖੇਪਾਂ ਖਰੀਦੀਆਂ ਹਨ।
ਦੋਵਾਂ ਮੁਲਜ਼ਮਾਂ ਖ਼ਿਲਾਫ਼ ਅੰਮ੍ਰਿਤਸਰ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਵਿੱਚ ਅਸਲਾ ਤਸਕਰੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਲੰਧਰ ਕਾਊਂਟਰ ਇੰਟੈਲੀਜੈਂਸ ਜਲਦ ਹੀ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ।